ਡਾਕਟਰ ਦੇ ਦੱਸੇ ਖੂਨਦਾਨ ਕਰਨ ਦੇ ਫਾਇਦੇ ਚੰਡੀਗੜ੍ਹ : ਖੂਨ ਦਾ ਇਕ ਕਤਰਾ ਵੀ ਕਈ ਵਾਰ ਕਿਸੇ ਦੀ ਜਾਨ ਬਚਾਉਣ ਵਿਚ ਕਾਰਗਰ ਸਾਬਿਤ ਹੁੰਦਾ ਹੈ। ਕਿਸੇ ਹਾਦਸੇ ਜਾਂ ਖੂਨ ਦੀ ਕਮੀ ਨਾਲ ਜੂਝ ਰਹੇ ਵਿਅਕਤੀ ਨੂੰ ਖੂਨ ਦਾਨ ਕਰਨਾ ਕਿਸੇ ਪੁੰਨ ਤੋਂ ਘੱਟ ਨਹੀਂ। ਇਸ ਲਈ ਖੂਨ ਦਾਨ ਨੂੰ ਮਹਾਂਦਾਨ ਮੰਨਿਆ ਜਾਂਦਾ ਹੈ, ਪਰ ਖੂਨ ਦਾਨ ਕਰਨ ਨੂੰ ਲੈ ਕੇ ਕਈ ਗਲਤ ਧਾਰਨਾਵਾਂ ਵੀ ਪ੍ਰਚੱਲਿਤ ਹਨ, ਜਿਸ ਕਰਕੇ ਕੁਝ ਲੋਕ ਖੂਨ ਦਾਨ ਕਰਨ ਤੋਂ ਕਤਰਾਉਂਦੇ ਵੀ ਹਨ। ਇਹਨਾਂ ਗਲਤ ਧਾਰਨਾਵਾਂ ਨੂੰ ਵੀ ਦੂਰ ਕਰਨਾ ਜ਼ਰੂਰੀ ਹੈ, ਕਿਉਂਕਿ ਖੂਨ ਦਾਨ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ। "ਵਿਸ਼ਵ ਬਲੱਡ ਡੋਨਰ ਡੇਅ" ਵੀ ਹਰ ਸਾਲ 14 ਜੂਨ ਨੂੰ ਖੂਨ ਦਾਨ ਦੀ ਮਹੱਤਤਾ ਨੂੰ ਸਮਝਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਸੇ ਲਈ ਖੂਨ ਦਾਨ ਕੈਂਪ ਵੱਧ ਤੋਂ ਵੱਧ ਲਗਾਏ ਜਾਂਦੇ ਹਨ।
ਹੁਣ ਗੱਲ ਕਰਦੇ ਹਾਂ ਉਹਨਾਂ ਗਲਤ ਧਾਰਨਵਾਂ ਦੀ ਜੋ ਖੂਨ ਦਾਨ ਨੂੰ ਲੈ ਕੇ ਬਣੀਆਂ ਹਨ, ਜਿਨ੍ਹਾਂ ਤੋਂ ਜੱਕਦੇ ਹੋਏ ਕੁਝ ਲੋਕ ਖੂਨ ਦਾਨ ਨਹੀਂ ਕਰਦੇ। ਖੂਨ ਦਾਨ ਕਰਨ ਨਾਲ ਕਈ ਜਾਨਾਂ ਨੂੰ ਬਚਾਇਆ ਜਾ ਸਕਦਾ। ਹੁਣ ਦੀਆਂ ਵਿਗਿਆਨਕ ਤਕਨੀਕਾਂ ਇੰਨੀਆਂ ਇਜਾਦ ਹੋ ਗਈਆਂ ਹਨ ਕਿ ਖੂਨ ਵਿਚੋਂ ਵੱਖ-ਵੱਖ ਤੱਤ ਅੱਡ ਕਰ ਲਏ ਜਾਂਦੇ ਹਨ ਅਤੇ ਇਕੋ ਯੂਨਿਟ ਵਿਚੋਂ 4 ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।
ਪੰਜਾਬ 'ਚ 168 ਬਲੱਡ ਟਰਾਂਸਫਿਊਜ਼ਨ ਸੈਂਟਰ
1. "ਖੂਨ ਦਾਨ ਕਰਨ ਵਿਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ"-ਇਹ ਧਾਰਨਾ ਬਿਲਕੁਲ ਗਲਤ ਹੈ ਕਿ ਖੂਨ ਦਾਨ ਕਰਨ ਵਿਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ। ਖੂਨ ਦਾਨ ਕਰਨ ਦੀ ਪ੍ਰਕਿਰਿਆ ਮਹਿਜ਼ ਇਕ ਘੰਟੇ ਦੀ ਹੈ, ਜਿਥੇ ਜਾ ਕੇ ਸਭ ਤੋਂ ਪਹਿਲਾਂ ਬੀਪੀ ਅਤੇ ਹੀਮੋਗਲੋਬਿਨ ਦੀ ਜਾਂਚ ਕੀਤੀ ਜਾਂਦੀ ਹੈ ਜੋ ਕਿ 2 ਤੋਂ 3 ਮਿੰਟ ਦੀ ਪ੍ਰਕਿਰਿਆ ਹੈ। ਇਸਤੋਂ ਬਾਅਦ ਇਕ ਘੰਟੇ ਵਿਚ ਖੂਨ ਦਾਨ ਕੀਤਾ ਜਾ ਸਕਦਾ ਹੈ।
2. "ਖੂਨ ਦਾਨ ਕਰਨ ਸਮੇਂ ਹੁੰਦੀ ਹੈ ਤਕਲੀਫ਼"- ਇਹ ਧਾਰਨਾ ਵੀ ਗਲਤ ਬਣਾਈ ਗਈ ਹੈ ਕਿ ਖੂਨ ਦਾਨ ਕਰਨ ਸਮੇਂ ਜਾਂ ਕਢਵਾਉਣ ਸਮੇਂ ਬਹੁਤ ਤਕਲੀਫ਼ ਹੁੰਦੀ ਹੈ। ਜਦਕਿ ਖੂਨ ਕੱਢਣ ਲਈ ਲਗਾਈ ਜਾਂਦੀ ਸੂਈ ਇਕ ਟੀਕੇ ਜਿੰਨੀ ਹੀ ਤਕਲੀਫ਼ ਦਿੰਦੀ ਹੈ।
3. "ਦੁਰਲੱਭ ਬਲੱਡ ਗਰੁੱਪ ਨਹੀਂ ਤਾਂ ਖੂਨ ਦਾਨ ਨਹੀਂ ਕਰਨਾ"- ਇਹ ਵੀ ਆਪਣੇ ਆਪ ਵਿਚ ਗਲਤ ਧਾਰਨਾ ਹੈ ਕਿ ਜੇਕਰ ਖੂਨ ਦਾ ਗਰੁੱਪ ਦੁਰਲੱਭ ਨਹੀਂ ਤਾਂ ਖੂਨ ਦਾਨ ਨਹੀਂ ਕਰਨਾ ਚਾਹੀਦਾ। 17 ਸਾਲ ਦੀ ਉਮਰ ਤੋਂ ਕਿਸੇ ਵੀ ਗੁਰੱਪ ਵਾਲਾ ਵਿਅਕਤੀ ਖੂਨ ਦਾਨ ਕਰ ਸਕਦਾ ਹੈ। ਓ ਪਾਜ਼ੇਟਿਵ ਸਭ ਨੂੰ ਖੂਨ ਦੇ ਸਕਦਾ ਹੈ ਅਤੇ ਏਬੀ ਪਾਜ਼ੇਟਿਵ ਸਭ ਤੋਂ ਖੂਨ ਲੈ ਸਕਦਾ ਹੈ।
4. 'ਖੂਨ ਦਾਨ ਕਰਨ ਨਾਲ ਆਉਂਦੀ ਹੈ ਕਮਜ਼ੋਰੀ'- ਇਹ ਸਭ ਤੋਂ ਵੱਡਾ ਝੂਠ ਅਤੇ ਗਲਤ ਫਹਿਮੀ ਹੈ, ਜੋ ਕਈਆਂ ਦੇ ਮਨ ਵਿਚ ਪੈਦਾ ਹੁੰਦੀ ਹੈ। ਜੇਕਰ ਸਰੀਰ ਵਿਚ ਇਕ ਯੂਨਿਟ ਖੂਨ ਕੱਢਿਆ ਜਾਂਦਾ ਹੈ ਤਾਂ ਉਸਦੀ ਪੂਰਤੀ ਆਪਣੇ ਆਪ ਸਰੀਰ ਅੰਦਰ 24 ਘੰਟੇ 'ਚ ਹੋ ਜਾਂਦੀ ਹੈ।
5. "ਬੁਢਾਪੇ 'ਚ ਨਹੀਂ ਕੀਤਾ ਜਾ ਸਕਦਾ ਖੂਨ ਦਾਨ" - ਜੇਕਰ ਸਰੀਰ ਤੰਦਰੁਸਤ ਹੈ ਤਾਂ 80 ਸਾਲ ਦੀ ਉਮਰ ਵਿਚ ਵੀ ਖੂਨ ਦਾਨ ਕੀਤਾ ਜਾ ਸਕਦਾ ਹੈ। ਬੁਢਾਪੇ ਵਿਚ ਵੀ ਖੂਨ ਦਾਨ ਨਾ ਕਰਨ ਵਾਲੀ ਧਾਰਨਾ ਗਲਤ ਹੈ।
6. "ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਖੂਨ ਦਾਨ ਨਹੀਂ ਕਰ ਸਕਦੇ"- ਖੂਨ ਦਾਨ ਕਰਨ ਤੋਂ ਪਹਿਲਾਂ ਅਕਸਰ ਬੀਪੀ ਚੈੱਕ ਕੀਤਾ ਜਾਂਦਾ ਹੈ। 180 ਤੋਂ 100 ਬੀਪੀ ਵਾਲੇ ਖੂਨ ਦਾਨ ਕਰ ਸਕਦੇ ਹਨ, ਉਸਤੋਂ ਜ਼ਿਆਦਾ ਵਾਲਿਆਂ ਨੂੰ ਖੂਨਦਾਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਕਿਸੇ ਬਿਮਾਰੀ ਦੀ ਦਵਾਈ ਖਾ ਰਹੇ ਵਿਅਕਤੀ ਵੀ ਆਪਣਾ ਖੂਨ ਦਾਨ ਕਰ ਸਕਦੇ ਹਨ। ਕੋਈ ਵੀ ਦਵਾਈ ਖੂਨ ਵਿਚ ਘੁਲ਼ ਕੇ ਮਾੜਾ ਪ੍ਰਭਾਵ ਨਹੀਂ ਪਾਉਂਦੀ।
ਪੰਜਾਬ 'ਚ ਸਾਢੇ 4 ਲੱਖ ਯੂਨਿਟ ਬਲੱਡ ਮੌਜੂਦ
ਪੰਜਾਬ 'ਚ 168 ਬਲੱਡ ਟਰਾਂਸਫਿਊਜ਼ਨ ਸੈਂਟਰ :ਪੰਜਾਬ 'ਚ ਵੀ 168 ਬਲੱਡ ਟਰਾਂਸਫਿਊਜ਼ਨ ਸੈਂਟਰ ਹਨ, ਜਿਹਨਾਂ ਵਿਚੋਂ 45 ਸਰਕਾਰੀ ਹਸਪਤਾਲਾਂ ਵਿਚ ਅਤੇ 7 ਮਿਲਟਰੀ ਹਸਪਤਾਲਾਂ ਵਿਚ ਹਨ, ਜਿਹੜੇ ਕਿ ਰੱਖਿਆ ਮੰਤਰਾਲੇ ਦੇ ਅਧੀਨ ਆਉਂਦੇ ਹਨ। 114 ਪ੍ਰਾਈਵੇਟ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਹੋਰ ਸੰਸਥਾਵਾਂ ਦੇ ਹਨ। ਸਰਕਾਰ ਦਾ ਨਿਯਮ ਹੈ ਕਿ ਕਿਸੇ ਵੀ ਹਸਪਤਾਲ ਜਾਂ ਮੈਡੀਕਲ ਕਾਲਜ ਵਿਚ ਬਲੱਡ ਟ੍ਰਾਂਸਫਿਊਜ਼ਨ ਸੈਂਟਰ ਤਾਂ ਹੀ ਹੁੰਦਾ ਹੈ ਜੇਕਰ ਉਸ ਕੋਲ ਲਾਇਸੈਂਸ ਹੋਵੇ। ਬਿਨਾਂ ਲਾਇਸੈਂਸ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿਚ ਬਲੱਡ ਟ੍ਰਾਂਸਫਿਊਜ਼ਨ ਸੈਂਟਰ ਚਲਾਏ ਹੀ ਨਹੀਂ ਜਾ ਸਕਦੇ। ਪੰਜਾਬ ਵਿਚ 129 ਬਲੱਡ ਸੈਂਟਰ ਵਿਦ ਈਸੀਐਸ ਹਨ, ਜਿਹਨਾਂ ਵਿਚ ਬਲੱਡ ਅਤੇ ਕੰਪੋਨੈਂਟਸ ਨੂੰ ਅਲੱਗ ਕਰਨ ਦੇ ਪ੍ਰਬੰਧ ਹਨ। ਇਸ ਵਿਚ 26 ਸਰਕਾਰੀ ਕੇਂਦਰਾਂ ਵਿਚ ਹਨ ਅਤੇ ਬਾਕੀ ਸਾਰੇ ਪ੍ਰਾਈਵੇਟ ਕੇਂਦਰਾਂ 'ਚ ਹਨ। ਇਸ ਤੋਂ ਇਲਾਵਾ ਕੁਝ ਬਲੱਡ ਸਟੋਰੇਜ ਸੈਂਟਰ ਹੁੰਦੇ ਹਨ, ਜਿਹਨਾਂ ਵਿਚ ਐਮਰਜੈਂਸੀ ਸੇਵਾਵਾਂ ਲਈ ਖੂਨ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ।
ਪੰਜਾਬ 'ਚ ਸਾਢੇ 4 ਲੱਖ ਯੂਨਿਟ ਬਲੱਡ ਮੌਜੂਦ :ਬਲੱਡ ਸਰਵਿਸਿਜ਼ ਵਿਭਾਗ ਮੁਤਾਬਿਕ ਪੰਜਾਬ 'ਚ ਲੱਗਭੱਗ 3 ਕਰੋੜ ਦੀ ਅਬਾਦੀ ਪਿੱਛੇ ਸਾਢੇ 4 ਲੱਖ ਯੂਨਿਟ ਖੂਨ ਹਮੇਸ਼ਾ ਸਟੋਰ ਕਰ ਕੇ ਰੱਖਿਆ ਜਾਂਦਾ ਹੈ। ਖੂਨ ਨੂੰ ਸਟੋਰ ਕਰ ਕੇ ਰੱਖਣ ਦੀ ਉਮਰ ਸਿਰਫ਼ 1 ਮਹੀਨਾ ਹੁੰਦੀ ਹੈ, ਇਸਤੋਂ ਜ਼ਿਆਦਾ ਸਮਾਂ ਖੂਨ ਨੂੰ ਸਟੋਰ ਕਰ ਕੇ ਨਹੀਂ ਰੱਖਿਆ ਜਾ ਸਕਦਾ। ਇਸ ਕਰਕੇ ਖੂਨ ਦੀ ਜ਼ਰੂਰਤ ਹਮੇਸ਼ਾ ਅਤੇ ਸਾਰਾ ਸਾਲ ਬਰਾਬਰ ਰਹਿੰਦੀ ਹੈ। ਖੂਨ ਦੀ ਜ਼ਰੂਰਤ ਪ੍ਰਤੀ ਵਿਅਕਤੀ 1 ਫੀਸਦੀ ਰਹਿੰਦੀ ਹੈ ਜਦਕਿ ਪੰਜਾਬ ਇਸਦੀ ਜ਼ਰੂਰਤ ਪ੍ਰਤੀ ਵਿਅਕਤੀ ਡੇਢ ਫੀਸਦੀ ਹੈ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਸਰਹੱਦੀ ਸੂਬਾ ਹੋਣ ਕਰਕੇ ਹਿਮਾਚਲ, ਰਾਜਸਥਾਨ, ਜੰਮੂ ਕਸ਼ਮੀਰ ਅਤੇ ਹਰਿਆਣਾ ਨੂੰ ਵੀ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਲੋੜ ਤੋਂ ਜ਼ਿਆਦਾ ਖੂਨ ਤਾਂ ਇਕੱਠਾ ਨਹੀਂ ਕੀਤਾ ਜਾ ਸਕਦਾ, ਪਰ ਪੰਜਾਬ ਵਿਚ ਲੋੜ ਅਨੁਸਾਰ ਸਾਰੇ ਸੂਬਿਆਂ ਨਾਲੋਂ ਜ਼ਿਆਦਾ ਖੂਨ ਇਕੱਠਾ ਕੀਤਾ ਜਾਂਦਾ ਹੈ।
ਲੁਧਿਆਣਾ ਜ਼ਿਲ੍ਹੇ 'ਚ ਖੂਨ ਦੇ ਸਭ ਤੋਂ ਜ਼ਿਆਦਾ ਯੂਨਿਟ :ਲੁਧਿਆਣਾ ਜ਼ਿਲ੍ਹੇ ਵਿਚ ਖੂਨ ਦੇ ਸਭ ਤੋਂ ਜ਼ਿਆਦਾ ਯੂਨਿਟਸ ਹਨ ਅਤੇ ਇਹ ਸਾਰੇ ਸਿਹਤ ਨਾਲ ਸਬੰਧਿਤ ਅਦਾਰਿਆਂ ਨੂੰ ਲੋੜ ਪੈਣ 'ਤੇ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਕੋਈ ਵੀ ਬਲੱਡ ਬੈਂਕ ਲੋੜ ਤੋਂ ਜ਼ਿਆਦਾ ਖੂਨ ਇਕੱਠਾ ਨਹੀਂ ਕਰ ਸਕਦਾ, ਕਿਉਂਕਿ ਖੂਨ ਦੀ ਮਿਆਦ ਜ਼ਿਆਦਾ ਨਹੀਂ ਹੁੰਦੀ। ਭਾਰਤੀ ਸਿਹਤ ਮੰਤਰਾਲੇ ਦੀਆਂ ਹਦਾਇਦਾਂ ਅਨੁਸਾਰ ਸਿਰਫ਼ 5 ਫੀਸਦ ਤੱਕ ਹੀ ਖੂਨ ਇਕੱਠਾ ਕਰ ਕੇ ਰੱਖਿਆ ਜਾ ਸਕਦਾ ਹੈ। ਉਸਤੋਂ ਜ਼ਿਆਦਾ ਇਕੱਠਾ ਕਰਨਾ ਜੁਰਮ ਗਿਣਿਆ ਜਾਂਦਾ ਹੈ।
ਸਾਲ 2022-23 ਵਿਚ ਪੰਜਾਬ ਬਲੱਡ ਸਰਵਿਸਿਜ਼ ਵਿਭਾਗ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ 'ਚ 22971 ਯੂਨਿਟ ਖੂਨ ਇਕੱਠਾ ਕੀਤਾ ਗਿਆ, ਬਰਨਾਲਾ ਵਿਚ 4875, ਬਠਿੰਡਾ ਵਿਚ 9671, ਫਰੀਦਕੋਟ ਵਿਚ 19796, ਫਤਹਿਗੜ੍ਹ ਸਾਹਿਬ ਵਿਚ 1704, ਫ਼ਿਰੋਜ਼ਪੁਰ ਵਿਚ 8998, ਗੁਰਦਾਸਪੁਰ ਵਿਚ 10915, ਹੁਸ਼ਿਆਰਪੁਰ ਵਿਚ 10312, ਜਲੰਧਰ ਵਿਚ 9147, ਕਪੂਰਥਲਾ ਵਿਚ 5212, ਲੁਧਿਆਣਾ ਵਿਚ 11831, ਮਾਨਸਾ ਵਿਚ 4827, ਮੋਗਾ ਵਿਚ 8351, ਮੁਕਤਸਰ ਵਿਚ 8189, ਨਵਾਂ ਸ਼ਹਿਰ ਵਿਚ 131, ਪਠਾਨਕੋਟ ਵਿਚ 10563, ਪਟਿਆਲਾ ਵਿਚ 28819, ਰੂਪਨਗਰ ਵਿਚ 7459 ਅਤੇ ਸੰਗਰੂਰ ਵਿਚ 12499 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਹ ਅੰਕੜਾ ਸਿਰਫ਼ ਸਰਕਾਰੀ ਹਸਪਤਾਲਾਂ ਦਾ ਹੈ ਪ੍ਰਾਈਵੇਟ ਅਤੇ ਸਰਕਾਰੀ ਦਾ ਮਿਲਾ ਕੇ ਜ਼ਿਆਦਾ ਯੂਨਿਟਸ ਬਣਦੇ ਹਨ।