ਚੰਡੀਗੜ੍ਹ :ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਵੱਲੋਂ ਫੋਕਲ ਪੁਆਇੰਟਾਂ ਤੇ ਨਵੀਆਂ ਪੁਲਿਸ ਚੌਂਕੀਆਂ ਸਥਾਪਤ ਕਰਨ ਦਾ ਫੈਸਲਾ ਸੂਬੇ ਭਰ ਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਦਾ ਪ੍ਰਮਾਣ ਹੈ ਅਤੇ ਇੰਨ੍ਹਾਂ ਹਲਾਤਾਂ ਨੇ ਰਾਜ ਦੀ ਆਰਥਿਕ ਸੰਭਾਵਨਾਂਵਾਂ ਤੇ ਵੀ ਬੁਰਾ ਪ੍ਰਭਾਵ ਪਾਇਆ ਹੈ। ਭਾਜਪਾ ਦੇ ਸੀਨੀਅਰ ਨੇਤਾ ਨੇ ਚੰਡੀਗੜ੍ਹ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਕਿਸੇ ਵੀ ਜਿ਼ਲ੍ਹੇ ਦੀ ਯਾਤਰਾ ਕਰਦੇ ਹਾਂ ਤਾਂ ਲੋਕਾਂ ਵਿਚ ਸੁਰੱਖਿਆ ਪ੍ਰਤੀ ਚਿੰੰਤਾਵਾਂ ਹਨ ਅਤੇ ਲੋਕਾਂ ਦਾ ਅਮਨ ਕਾਨੂੰਨ ਵਿਵਸਥਾ ਵਿਚ ਭਰੋਸਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਉਣੀ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਹੁੰਦੀ ਹੈ ਪਰ ਮਾਨ ਸਰਕਾਰ ਇਸ ਵਿਚ ਪੂਰੀ ਤਰਾਂ ਅਸਫਲ ਸਿੱਧ ਹੋਈ ਹੈ।
ਸੂਬਾ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਜਿਸ ਪੁਲਿਸ ਨੇ ਵੱਡੀ ਬਹਾਦਰੀ ਅਤੇ ਕੁਰਬਾਨੀ ਨਾਲ ਪੰਜਾਬ ਵਿਚੋਂ ਆਂਤਕਵਾਦ ਨੂੰ ਖਤਮ ਕੀਤਾ ਸੀ, ਮੌਜੂਦਾ ਸਰਕਾਰ ਨੇ ਸਾਡੀ ਉਸੇ ਪੰਜਾਬ ਪੁਲਿਸ ਦੇ ਮਨੋਬਲ ਅਤੇ ਆਤਮ ਨੂੰ ਡੇਗ ਦਿੱਤਾ ਹੈ। ਨਿੱਤ ਦਿਨ ਹੋ ਰਹੀਆਂ ਕਤਲਾਂ ਅਤੇ ਲੁੱਟਾਂ—ਖੋਹਾਂ ਦੀਆਂ ਵਰਾਦਾਤਾਂ ਕਾਰਨ ਅੱਜ ਸਾਰਾ ਪੰਜਾਬ ਦਹਿਸ਼ਤ ਅਤੇ ਅਸੁਰੱਖਿਆ ਦੀ ਮਾਰ ਹੇਠ ਹੈ, ਜਾਖੜ ਨੇ ਕਿਹਾ ਕਿ ਕੋਈ ਵੀ ਪੰਜਾਬ ਵਿੱਚ ਉਦਯੋਗ ਲਗਾਉਣਾ ਨਹੀਂ ਚਾਹੁੰਦਾ ਕਿਉਂਕਿ ਕਿਸੇ ਨੂੰ ਵੀ ਜਾਨ ਦੀ ਸੁਰੱਖਿਆ ਨਹੀਂ ਹੈ। ਜਾਖੜ ਨੇ ਕਿਹਾ ਕਿ ਬੇ਼ਸਕ ਪੰਜਾਬ ਵਿਚ ਸਭ ਤੋਂ ਵਧੀਆ ਪੁਲਿਸ ਫੋਰਸ ਹੈ ਅਤੇ ਜਿਸ ਚੀਜ਼ ਦੀ ਕਮੀ ਹੈ ਉਹ ਹੈ ਆਪ ਪਾਰਟੀ ਦੀ ਸਰਕਾਰ ਵੱਲੋਂ ਦਿੱਤੀ ਗਈ ਕਮਜ਼ੋਰ ਲੀਡਰਸਿ਼ਪ ਅਤੇ ਕਮਾਂਡ।