ਚੰਡੀਗੜ੍ਹ:ਜਲੰਧਰ ਜ਼ਿਮਨੀ ਚੋਣ ਵਿੱਚ ਮਿਲੀ ਹਾਰ ਤੋਂ ਬਾਅਦ ਭਾਜਪਾ ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਆਪਣੇ ਪੈਰ ਪੱਕੇ ਕਰਨ ਦੀਆਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ। ਹਾਲ ਹੀ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਾਜਪਾ ਦਾ ਰੁੱਖ ਸਪੱਸ਼ਟ ਕੀਤਾ ਹੈ। ਉਨ੍ਹਾਂ ਬੀਤੇ ਦਿਨੀਂ ਕਿਹਾ ਸੀ ਕਿ ਅਕਾਲੀ ਦਲ ਦੇ ਕੋਲ ਤਾਂ ਕੁਝ ਬਚਿਆ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਈ ਦਿੱਗਜ ਖਿਡਾਰੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ, ਜੋ ਪਿੱਛੇ ਬਚੇ ਹਨ ਉਹ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
ਦਰਅਸਲ ਇਹ ਕਿਆਸ ਬਹੁਤ ਸਮੇਂ ਤੋਂ ਹੀ ਲਗਾਏ ਜਾ ਰਹੇ ਸਨ ਕਿ ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਜੋੜ ਕੀਤਾ ਜਾਣਾ ਹੈ। ਹਾਲਾਂਕਿ ਭਾਜਪਾ ਲੀਡਰਸ਼ਿਪ ਇਹਨਾਂ ਚਰਚਾਵਾਂ ਨੂੰ ਕਈ ਵਾਰ ਦਰਕਿਨਾਰ ਕਰ ਚੁੱਕੀ ਹੈ। ਦੂਜੇ ਪਾਸੇ ਹਰਦੀਪ ਪੁਰੀ ਦਾ ਬਿਆਨ ਅਕਾਲੀ ਦਲ ਲਈ ਵੱਡੇ ਆਫ਼ਰ ਵਜੋਂ ਵੇਖਿਆ ਜਾ ਰਿਹਾ। 2024 ਚੋਣਾਂ ਲਈ ਭਾਜਪਾ ਨੇ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ ਜਲੰਧਰ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਭਾਜਪਾ ਆਪਣਾ ਕਿਲ੍ਹਾ ਹੋਰ ਵੀ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ। ਕਾਂਗਰਸ ਅਤੇ ਅਕਾਲੀ ਦਲ ਦੇ ਕਈ ਸੀਨੀਅਰ ਲੀਡਰ ਭਾਜਪਾ ਵਿਚ ਸ਼ਾਮਲ ਹੋ ਕੇ ਅਗਾਮੀ ਸਰਗਰਮੀਆਂ ਲਈ ਪੂਰੇ ਸਰਗਰਮ ਹਨ।
ਜਲੰਧਰ ਜ਼ਿਮਨੀ ਚੋਣ ਦਾ ਅਸਰ:ਜਲੰਧਰ ਜ਼ਿਮਨੀ ਚੋਣ ਨੇ ਵਿਧਾਨ ਸਭਾ ਚੋਣਾਂ 2022 ਦੀ ਤਰ੍ਹਾਂ ਸਭ ਨੂੰ ਹੈਰਾਨ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਪਹਿਲੀ ਵਾਰ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਬਣੇ। ਦੂਜੇ ਨੰਬਰ 'ਤੇ ਕਾਂਗਰਸ ਅਤੇ ਤੀਜੇ ਨੰਬਰ 'ਤੇ ਅਕਾਲੀ ਦਲ ਰਿਹਾ ਜਦਕਿ ਭਾਜਪਾ ਨੇ ਇਕੱਲਿਆਂ ਚੋਣ ਲੜਕੇ ਚੌਥਾ ਸਥਾਨ ਹਾਸਲ ਕੀਤਾ। ਜਦਕਿ ਭਾਜਪਾ ਜ਼ਿਮਨੀ ਚੋਣ ਜਿੱਤਣ ਦਾ ਪੂਰਾ ਦਾਅਵਾ ਕਰ ਰਹੀ ਸੀ। ਜ਼ਿਮਨੀ ਚੋਣ ਦੇ ਨਤੀਜੇ ਵਿੱਚ ਭਾਜਪਾ ਦੇ ਉਮੀਦਵਾਰ ਇੰਦਰਇਕਬਾਲ ਸਿੰਘ ਅਟਵਾਲ 134706 ਨਾਲ ਚੌਥੇ ਨੰਬਰ ’ਤੇ ਰਹੇ ਸਨ।
ਜਲੰਧਰ ਜ਼ਿਮਨੀ ਚੋਣ ਦਾ ਅਸਰ ਇਹ ਰਿਹਾ ਕਿ ਹੁਣ 2024 ਲੋਕ ਸਭਾ ਚੋਣਾਂ ਤੋਂ ਪਹਿਲਾ ਹੋਰ ਵੱਡੇ ਦਾਅ ਲਗਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਤਾਂ ਕਿ ਪਾਰਟੀ ਨੂੰ ਹੋਰ ਮਜ਼ਬੂਤੀ ਮਿਲ ਸਕੇ। ਇਸਦੇ ਲਈ ਬੀਤੇ ਦਿਨੀਂ ਸੂਬਾ ਕਾਰਕਾਰਨੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਕਾਰਜਕਾਰਨੀ ਵਿੱਚ ਪੰਜਾਬ ਵਿੱਚ ਰਹਿੰਦੇ ਭਾਜਪਾ ਦੇ ਕੌਮੀ ਅਹੁਦੇਦਾਰ, ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ, ਪੰਜਾਬ ਵਿੱਚ ਰਹਿੰਦੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ, ਭਾਜਪਾ ਦੇ ਸੰਸਦ ਮੈਂਬਰ ਅਤੇ ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ, ਪੰਜਾਬ ਵਿੱਚ ਰਹਿੰਦੇ ਸਾਰੇ ਕੌਮੀ ਮੋਰਚਿਆਂ ਦੇ ਅਹੁਦੇਦਾਰਾਂ, ਪੰਜਾਬ ਭਾਜਪਾ ਦੇ ਜ਼ਿਲ੍ਹਾ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਨੂੰ ਕਾਰਜਕਾਰਨੀ ਮੈਂਬਰਾਂ ਵਜੋਂ ਥਾਂ ਦਿੱਤੀ ਗਈ ਹੈ। ਜਲੰਧਰ ਜ਼ਿਮਨੀ ਚੋਣ ਤੋਂ ਮਿਲੀ ਹਾਰ ਤੋਂ ਬਾਅਦ ਪੰਜਾਬ ਭਾਜਪਾ ਦੀ ਇਹ ਪਹਿਲੀ ਸਰਗਰਮੀ ਹੈ।