ਚੰਡੀਗੜ੍ਹ:ਭਾਜਪਾ ਨੇ ਪੰਜਾਬ ਦੀ ਕਮਾਨ ਹੋਣ ਨਵੇਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸੌਂਪ ਦਿੱਤੀ ਹੈ। ਜਿਸ ਤੋਂ ਬਾਅਦ ਸੁਨੀਲ ਜਾਖੜ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਭਾਜਪਾ ਪ੍ਰਧਾਨ ਬਣਾਏ ਜਾਣ 'ਤੇ ਧੰਨਵਾਦ ਕੀਤਾ ਹੈ। ਜਾਖੜ ਨੇ ਟਵੀਟ ਕਰਕੇ ਕਿਹਾ ਕਿ ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ।
"ਮੇਰੇ ਵਿੱਚ ਵਿਸ਼ਵਾਸ ਜਤਾਉਣ ਅਤੇ ਮੈਨੂੰ ਪੰਜਾਬ ਭਾਜਪਾ ਪ੍ਰਧਾਨ ਦੀ ਇਹ ਅਹਿਮ ਜ਼ਿੰਮੇਵਾਰੀ ਸੌਂਪਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਦਾ ਧੰਨਵਾਦ। ਮੈਂ ਪੰਜਾਬ ਦੇ ਹਿੱਤਾਂ ਅਤੇ ਹਰ ਪੰਜਾਬੀ ਦੀਆਂ ਖਾਹਿਸ਼ਾਂ ਦੀ ਰਾਖੀ ਲਈ ਅਣਥੱਕ ਮਿਹਨਤ ਕਰਾਂਗਾ।"ਸੁਨੀਲ ਜਾਖੜ
ਜਾਖੜ ਕਾਂਗਰਸ ਛੱਡ ਭਾਜਪਾ 'ਚ ਹੋਏ ਸੀ ਸ਼ਾਮਿਲ:ਦੱਸ ਦੇਈਏ ਕਿ ਸੁਨੀਲ ਜਾਖੜ ਕੁਝ ਮਹੀਨੇ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੁਨੀਲ ਜਾਖੜ ਨੇ 2019 ਦੀ ਚੋਣ ਕਾਂਗਰਸ ਦੀ ਟਿਕਟ 'ਤੇ ਲੜੀ ਸੀ।
ਜਾਖੜ ਦੀ ਸਾਫ ਸਿਆਸਤ : ਦਰਅਸਲ ਸੁਨੀਲ ਜਾਖੜ ਪੰਜਾਬ ਦੀ ਸਿਆਸਤ ਵਿੱਚ ਇਕ ਵੱਡੇ ਕੱਦ ਦੇ ਆਗੂ ਹਨ। ਕਾਂਗਰਸ ਪਾਰਟੀ 'ਚ ਹੁੰਦਿਆਂ ਵੀ ਉਹਨਾਂ ਪੰਜਾਬ 'ਚ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਹਨ। ਵੋਟ ਬੈਂਕ ਦੀ ਗੱਲ ਕੀਤੀ ਜਾਵੇ ਤਾਂ ਜਾਖੜ ਨੂੰ ਹਿੰਦੂ ਸਿੱਖ ਦੋਵਾਂ ਧਰਮਾਂ ਵਿੱਚ ਪਸੰਦ ਕੀਤਾ ਜਾਂਦਾ ਹੈ। ਹਿੰਦੂ ਨੇਤਾ ਵਜੋਂ ਪੰਜਾਬ ਦੇ ਇਕ ਤਬਕੇ ਵੱਲੋਂ ਜਾਖੜ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਦੂਜੇ ਪਾਸੇ ਭਾਜਪਾ ਇਹ ਸੁਨੇਹਾ ਵੀ ਦੇਣਾ ਚਾਹੁੰਦੀ ਹੈ ਕਿ ਨਵੇਂ ਬੰਦਿਆਂ ਨੂੰ ਪਾਰਟੀ ਵਿਚ ਖਾਸ ਥਾਂ ਦਿੱਤੀ ਜਾਂਦੀ ਹੈ। ਜੋ ਵੀ ਆਉਣਾ ਚਾਹੇ ਆ ਸਕਦਾ ਹੈ ਹਰ ਇਕ ਨੂੰ ਭਾਜਪਾ ਵਿੱਚ ਸਨਮਾਨ ਦਿੱਤਾ ਜਾਂਦਾ ਹੈ। ਸੰਗਰੂਰ ਅਤੇ ਜਲੰਧਰ ਜ਼ਿਮਨੀ ਚੋਣਾਂ 'ਚ ਭਾਜਪਾ ਦਾ ਇਹ ਤਜਰਬਾ ਰਿਹਾ ਕਿ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਦੇ ਕੇਡਰ ਦੀ ਵੀ ਸਰਗਰਮ ਭੂਮਿਕਾ ਹੁੰਦੀ ਹੈ ਜੋ ਕਿ ਪੁਰਾਣੇ ਵੋਟਰਾਂ ਅਤੇ ਨਵੇਂ ਵੋਟਰਾਂ ਦਾ ਪ੍ਰਭਾਵ ਕਬੂਲਦੀ ਹੈ। ਇਥੇ ਭਾਜਪਾ ਦੀ ਡਬਲ ਇੰਜਣ ਵਾਲੀ ਫਿਲਾਸਫੀ ਕੰਮ ਕਰਦੀ ਹੈ।
ਕੀ ਜਾਖੜ ਬੰਨ੍ਹੇ ਲਾਉਣਗੇ ਭਾਜਪਾ ਦੀ ਬੇੜੀ ?ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਹਨ ਕਿ 2024 'ਚ ਲੋਕ ਸਭਾ ਚੋਣਾਂ 'ਤੇ ਇਸਦਾ ਅਸਰ ਵੀ ਵੇਖਿਆ ਜਾ ਸਕਦਾ ਹੈ ਅਤੇ ਭਾਜਪਾ ਵੀ 2024 ਚੋਣਾਂ ਦੇ ਸਮੀਕਰਨ ਬਦਲਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੈ। ਇਸੇ ਕਰਕੇ ਹੀ ਭਾਜਪਾ ਆਪਣੇ ਸੰਗਠਨਾਤਮਕ ਢਾਂਚੇ ਵਿਚ ਵੱਡਾ ਬਦਲਾਅ ਕਰ ਰਹੀ ਹੈ। ਹਾਲਾਂਕਿ ਦੂਰਗਾਮੀ ਲੋਕਤੰਤਰ ਵਿਚ ਅਜਿਹੀ ਰਾਜਨੀਤੀ ਦੇ ਸਿੱਟੇ ਕੋਈ ਬਹੁਤੇ ਚੰਗੇ ਨਹੀਂ ਹੋਣਗੇ। ਪਰ ਹਾਲ ਦੀ ਘੜੀ ਭਾਜਪਾ ਨੇ ਵੱਡਾ ਦਾਅ ਲਗਾਇਆ ਹੋਇਆ।