ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇਸ਼ ਭਰ ਵਿੱਚ ਘੱਟ ਗਿਣਤੀ ਸਨੇਹ ਸੰਵਾਦ ਯਾਤਰਾ ਕੱਢੇਗੀ। ਇਹ ਯਾਤਰਾ ਸਾਰੇ ਲੋਕ ਸਭਾ ਹਲਕਿਆਂ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਕੱਢੀ ਜਾਵੇਗੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ 'ਤੇ ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ 'ਚ ਵੀ 'ਸਨੇਹ ਸੰਪਰਕ ਯਾਤਰਾ' ਦਾ ਆਯੋਜਨ ਕਰੇਗਾ। ਇਹ ਜਾਣਕਾਰੀ ਭਾਜਪਾ ਘੱਟ ਗਿਣਤੀ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਅਤੇ ਵਕਫ਼ ਬੋਰਡ ਹਰਿਆਣਾ ਦੇ ਚੇਅਰਮੈਨ ਚੌਧਰੀ ਜ਼ਾਕਿਰ ਹੁਸੈਨ ਨੇ ਭਾਜਪਾ ਘੱਟ ਗਿਣਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਥਾਮਸ ਮਸੀਹ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਭਾਜਪਾ ਹੈੱਡਕੁਆਰਟਰ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਉੱਤਰੀ ਕਲੱਸਟਰ ਦੀ ਮੀਟਿੰਗ: ਇਸ ਮੌਕੇ ਉਨ੍ਹਾਂ ਨਾਲ ਘੱਟ ਗਿਣਤੀ ਮੋਰਚਾ ਦੇ ਕੌਮੀ ਇੰਚਾਰਜ ਗੁਲਾਮ ਮੁਸਤਫਾ, ਭਾਜਪਾ ਪੰਜਾਬ ਦੇ ਬੁਲਾਰੇ ਐਸ.ਐਸ. ਚੰਨੀ, ਭਾਜਪਾ ਦੇ ਸੂਬਾ ਮੀਡੀਆ ਸਕੱਤਰ ਹਰਦੇਵ ਸਿੰਘ ਉੱਭਾ, ਮੁਹੰਮਦ ਖੁਰਸ਼ੀਦ ਅਲੀ, ਬਿਲਾਲ ਸ਼ਾਹ ਆਦਿ ਵੀ ਹਾਜ਼ਰ ਸਨ। ਥਾਮਸ ਮਸੀਹ ਨੇ ਸੂਬੇ ਦੇ ਮੁੱਖ ਦਫਤਰ ਪਹੁੰਚਣ 'ਤੇ ਰਾਸ਼ਟਰੀ ਅਹੁਦੇਦਾਰਾਂ ਦਾ ਗੁਲਦਸਤੇ ਅਤੇ ਦੁਸ਼ਾਲਾ ਦੇ ਕੇ ਸਵਾਗਤ ਕੀਤਾ। ਚੌਧਰੀ ਜ਼ਾਕਿਰ ਹੁਸੈਨ ਨੇ ਕਿਹਾ ਕਿ ਭਾਜਪਾ ਘੱਟ ਗਿਣਤੀ ਮੋਰਚਾ ਦੇ ਕੌਮੀ ਪ੍ਰਧਾਨ ਜਮਾਲ ਸਿੱਦੀਕੀ ਦੇ ਪ੍ਰੋਗਰਾਮ ਦੀ ਰੂਪ-ਰੇਖਾ ਤਹਿਤ ਦੇਸ਼ ਨੂੰ ਛੇ ਸਮੂਹਾਂ ਵਿੱਚ ਵੰਡਿਆ ਗਿਆ ਹੈ। ਜਿਸ ਦੇ ਤਹਿਤ ਅੱਜ ਭਾਜਪਾ ਪੰਜਾਬ ਦੇ ਹੈੱਡਕੁਆਰਟਰ ਚੰਡੀਗੜ ਵਿਖੇ ਉੱਤਰੀ ਕਲੱਸਟਰ ਦੀ ਮੀਟਿੰਗ ਕੀਤੀ ਗਈ ਹੈ, ਜਿਸ ਵਿੱਚ ਲੱਦਾਖ, ਹਿਮਾਚਲ, ਪੰਜਾਬ, ਹਰਿਆਣਾ, ਉਤਰਾਖੰਡ, ਚੰਡੀਗੜ੍ਹ, ਦਿੱਲੀ ਆਦਿ ਸੂਬੇ ਸ਼ਾਮਿਲ ਹਨ। ਇਸ ਮੀਟਿੰਗ ਵਿੱਚ ਇਨ੍ਹਾਂ ਰਾਜਾਂ ਦੇ ਇੰਚਾਰਜ, ਸਹਿ-ਇੰਚਾਰਜ ਅਤੇ ਸੂਬਾ ਪ੍ਰਧਾਨ ਹਾਜ਼ਰ ਸਨ।