ਚੰਡੀਗੜ੍ਹ: ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ 'ਚ ਪੁਲਿਸ ਵਲੋਂ ਵਕੀਲ ਵਰਿੰਦਰ ਸੰਧੂ ਨਾਲ ਤਸ਼ੱਦਦ ਅਤੇ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦਾ ਕਿ ਸੂਬੇ ਭਰ 'ਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈਕੇ ਸੂਬੇ ਬਰ ਦੇ ਵਕੀਲਾਂ ਵਲੋਂ ਸਰਕਾਰ ਖਿਲਾਫ਼ ਕਾਰਵਾਈ ਦਾ ਦਬਾਅ ਪਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ, ਜਿਸ 'ਚ ਭਾਜਪਾ ਅਤੇ ਉਨ੍ਹਾਂ ਦੀ ਲੀਗਲ ਸੈੱਲ ਦੀ ਟੀਮ ਵੀ ਇਸ ਵਿਰੋਧ ਪ੍ਰਦਰਸ਼ਨ 'ਚ ਅੱਗੇ ਆ ਕੇ ਪੀੜਤ ਵਕੀਲ ਦੇ ਹੱਕ 'ਚ ਖੜੀ ਹੋਈ ਹੈ। ਉਧਰ ਜਦਕਿ ਵਕੀਲਾਂ ਦੇ ਵੱਧਦੇ ਦਬਾਅਦ ਦੇ ਚੱਲਦੇ ਐੱਸ ਪੀ ਸਣੇ 6 ਪੁਲਿਸ ਕਰਮੀਆਂ 'ਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ। (Inhuman Torture in advocate) (Inhuman Torture Punjab Police)
ਸੀਬੀਆਈ ਜਾਂਚ ਦੀ ਕੀਤੀ ਮੰਗ: ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਵਕੀਲ ਵਰਿੰਦਰ ਸਿੰਘ ਨਾਲ ਪੁਲਿਸ ਵਲੋਂ ਕੀਤੀ ਦਰਿੰਦਗੀ ,ਜ਼ੁਲਮ ,ਤਸ਼ੱਦਦ ਦੀ ਘੋਰ ਨਿੰਦਾ ਕਰਦੇ ਹੋਏ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਇਕ ਪੱਤਰ ਲਿਖ ਕੇ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਅਪੀਲ ਕੀਤੀ ਕਿ ਉਹ ਸੂਬੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਤੋਂ ਤੁਰੰਤ ਇਸ ਦੀ ਰਿਪੋਰਟ ਮੰਗਣ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਸ ਕੇਸ ਵਿਚ ਸਰਕਾਰ ਦਾ ਜੋ ਰਵਈਆ ਰਿਹਾ ਹੈ, ਉਹ ਬਹੁਤ ਨਿੰਦਣ ਯੋਗ ਹੈ । ਉਹਨਾਂ ਕਿਹਾ ਕਿ ਸਾਨੂੰ ਐਸਆਈਟੀ ਦੀ ਜਾਂਚ 'ਤੇ ਭਰੋਸਾ ਨਹੀਂ ਹੈ। ਉਹਨਾਂ ਕਿਹਾ ਕਿ ਜਿਸ ਪ੍ਰਕਾਰ ਪੁਲਿਸ ਅਫਸਰਾਂ ਨੇ ਇਸ ਕੇਸ ਨੂੰ ਦਵਾਉਣ ਦੀ ਕੋਸ਼ਿਸ ਕੀਤੀ ਹੈ, ਉਹਨਾਂ ਤੋਂ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈ। ਇਸ ਕਰਕੇ ਸੀ.ਬੀ.ਆਈ ਜਾਂਚ ਹੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਕੇਸ਼ ਵਿੱਚ ਸ਼ਾਮਿਲ ਸਾਰੇ ਅਫਸਰਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਪੰਜਾਬ ਵਿਚ ਵਕੀਲਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਐਡਵੋਕੇਟ ਪ੍ਰੋਟੈਕਸ਼ਨ ਐਕਟ ਤੁਰੰਤ ਲਾਗੂ ਕੀਤਾ ਜਾਵੇ।
ਮੁੱਖ ਮੰਤਰੀ ਦੀ ਕੋਠੀ ਘੇਰਨ ਦੀ ਤਿਆਰੀ 'ਚ ਭਾਜਪਾ ਲੀਗਲ ਸੈੱਲ ਦੀ ਟੀਮ ਪੀੜਤ ਦੇ ਹੱਕ 'ਚ ਭਾਜਪਾ ਦਾ ਲੀਗਲ ਸੈੱਲ:ਇਸ ਸਬੰਧੀ ਭਾਜਪਾ ਲੀਗਲ ਸੈੱਲ ਦੇ ਵਕੀਲ ਐਨ. ਕੇ ਵਰਮਾ ਦਾ ਕਹਿਣਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕਾਨੂੰਨ ਵਿਵਸਥਾ ਸਰਕਾਰ ਤੋਂ ਸਾਂਭੀ ਗਈ ਤੇ ਹੁਣ ਵਕੀਲਾਂ ਨਾਲ ਅਣਮਨੁੱਖੀ ਤਸ਼ੱਦਦ ਅਤੇ ਅਸ਼ਲੀਲ ਵੀਡੀਓ ਬਣਾਈ ਗਈ ਹੈ। ਜਿਸ 'ਚ ਉਹ ਉਕਤ ਪੁਲਿਸ ਕਰਮੀਆਂ ਖਿਲਾਫ਼ ਸਖ਼ਤ ਤੋਂ ਸ਼ਖ਼ਤ ਕਾਰਵਾਈ ਦੀ ਮੰਗ ਕਰਦੇ ਹਨ।
ਮੁੱਖ ਮੰਤਰੀ ਤੋਂ ਮੁਆਫ਼ੀ ਮੰਗਣ ਦੀ ਮੰਗ:ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਮਾਮਲੇ 'ਚ ਵਕੀਲ ਭਾਈਚਾਰੇ ਤੋਂ ਮੁਆਫ਼ੀ ਮੰਗਣ ਅਤੇ ਭਰੋਸਾ ਦੇਣ ਕਿ ਅੱਗੇ ਤੋਂ ਅਜਿਹੀ ਕੋਈ ਘਟਨਾ ਨਹੀਂ ਹੋਵੇਗੀ। ਵਕੀਲ ਵਰਮਾ ਦਾ ਕਹਿਣਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕਰਨਗੇ ਅਤੇ ਸਾਥੀ ਵਕੀਲ ਨੂੰ ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰੱਖਣਗੇ।
ਮਾਮੂਲੀ ਧਾਰਾਵਾਂ ਤਹਿਤ ਮਾਮਲਾ ਦਰਜ:ਵਕੀਲ ਐਨ ਕੇ ਵਰਮਾ ਦਾ ਕਹਿਣਾ ਕਿ ਪੀੜਤ ਵਕੀਲ ਕਿਸੇ ਮਾਮਲੇ 'ਚ ਆਪਣੇ ਮੁਵੱਕਿਲ ਨਾਲ ਥਾਣੇ ਗਿਆ ਸੀ, ਜਿਥੇ ਪੁਲਿਸ ਨੇ ਉਸ ਵਕੀਲ 'ਤੇ ਹੀ ਝੂਠਾ ਮਾਮਲਾ ਦਰਜ ਕੀਤਾ ਅਤੇ ਉਸ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਨ੍ਹਾਂ ਨਾਲ ਹੀ ਕਿਹਾ ਕਿ ਜਿੰਨ੍ਹਾਂ ਪੁਲਿਸ ਕਰਮੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਸ 'ਚ ਮਾਮੂਲੀ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ, ਜਦਕਿ ਕਿਡਨੈਪਿੰਗ ਅਤੇ 307,377, 342, 323, 149, 506 IPC ਸਮੇਤ ਹੋਰ ਸਬੰਧਤ ਧਾਰਾਵਾਂ ਵੀ ਜੋੜੀਆਂ ਜਾਣੀਆਂ ਚਾਹੀਦੀਆਂ ਹਨ। ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਜਦਕਿ ਪੀੜਤ ਵਕੀਲ ਨੂੰ 18 ਦੇ ਕਰੀਬ ਸੱਟਾਂ ਹਨ ਅਤੇ ਅਜਿਹੀਆਂ ਗੰਭੀਰ ਧਾਰਾਵਾਂ ਦਰਜ ਹੋਣੀਆਂ ਚਾਹੀਦੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਮੁਲਜ਼ਮ ਪੁਲਿਸ ਕਰਮੀਆਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਸਰਕਾਰ ਦੀ ਵਿਗੜ ਰਹੀ ਕਾਨੂੰਨ ਵਿਵਸਥਾ: ਉਨ੍ਹਾਂ ਦੱਸਿਆ ਕੇ ਇਹ ਘਟਨਾ 'ਆਪ' ਸਰਕਾਰ ਦੇ ਅਧੀਨ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਦਰਸਾਉਂਦੀ ਹੈ। 'ਆਪ' ਸਰਕਾਰ ਦੇ ਰਾਜ 'ਚ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ, ਜੇਕਰ ਅਜਿਹੇ ਵਕੀਲਾਂ, ਜੋ ਦੂਜਿਆਂ ਨੂੰ ਇਨਸਾਫ਼ ਦਿਵਾਉਂਦੇ ਹਨ ਅਤੇ ਅਦਾਲਤ ਦੇ ਅਧਿਕਾਰੀ ਵੀ ਕਹਾਉਂਦੇ ਹਨ, ਨਾਲ ਅਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਦੇ ਨਾਗਰਿਕ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ।
ਇਹ ਹੈ ਪੂਰਾ ਮਾਮਲਾ:ਇਹ ਸਾਰਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਦਾ ਦੱਸਿਆ ਜਾ ਰਿਹਾ ਹੈ, ਜਿਥੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਬਰਾੜ ਅਨੁਸਾਰ ਵਕੀਲ ਵਰਿੰਦਰ ਸੰਧੂ ਜਦੋਂ ਆਪਣੇ ਮੁਵੱਕਿਲ ਨਾਲ ਥਾਣੇ ਤੋਂ ਨਿਕਲਦਾ ਹੈ ਤਾਂ ਸੀਆਈਏ ਸਟਾਫ਼ ਵਕੀਲ ਦੀ ਕੁੱਟਮਾਰ ਕਰਦਾ ਹੈ ਅਤੇ ਫਿਰ ਆਪਣੇ ਦਫ਼ਤਰ ਲਿਜਾ ਕੇ ਅਣਮਨੁੱਖੀ ਤਸ਼ੱਦਦ ਕਰਦੇ ਹਨ ਅਤੇ ਅਸ਼ਲੀਲ ਵੀਡੀਓ ਬਣਾਉਂਦੇ ਹਨ। ਜਿਸ ਤੋਂ ਬਾਅਦ ਕੋਰਟ 'ਚ ਪੇਸ਼ ਕਰਨ ਤੋਂ ਪਹਿਲਾਂ ਨੂੰ ਧਮਕਾਉਂਦੇ ਹਨ ਕਿ ਮੂੰਹ ਖੋਲ੍ਹਣ 'ਤੇ ਵੀਡੀਓ ਵਾਇਰਲ ਕੀਤੀ ਜਾਵੇਗੀ। ਜਿਸ 'ਚ ਪੀੜਤ ਵਕੀਲ ਨੇ ਕੋਈ ਗੱਲ ਜੱਜ ਸਾਹਮਣੇ ਨਹੀਂ ਦੱਸੀ ਪਰ ਜਦੋਂ ਕੁਝ ਵਕੀਲ ਸਾਥੀਆਂ ਨੂੰ ਇਹ ਸਾਰੀ ਜਾਣਕਾਰੀ ਮਿਲੀ ਤਾਂ ਮਾਮਲਾ ਨਿਕਲ ਕੇ ਬਾਹਰ ਆਇਆ।