ਚੰਡੀਗੜ੍ਹ: ਪੰਜਾਬ ਵਿੱਚ ਵੱਖ-ਵੱਖ ਧਾਰਮਿਕ ਮਸਲੇ ਸਿਆਸਤ ਅਤੇ ਵੋਟ ਬੈਂਕ ਦਾ ਮੁੱਦਾ ਰਹੇ ਨੇ, ਪਰ ਇਸ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਦੇ ਮਾਡਲ ਦੀ ਨਿਲਾਮੀ ਸਿਆਸਤ ਨੂੰ ਗਰਮਾ ਰਹੀ ਹੈ। ਦਰਅਸਲ ਪੀਐੱਮ ਮੋਦੀ ਨੂੰ ਮਿਲੇ ਤੋਹਫਿਆਂ ਦੀ ਸਰਕਾਰ ਨਿਲਾਮੀ ਕਰਨ ਜਾ ਰਹੀ ਅਤੇ ਇਨ੍ਹਾਂ ਤੋਹਫਿਆਂ ਵਿੱਚ ਪੀਐੱਮ ਮੋਦੀ ਨੂੰ ਭੇਂਟ ਕੀਤਾ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਵੀ ਹੈ।
ਅਕਾਲੀ ਦਲ ਵੱਲੋਂ ਨਿਲਾਮੀ ਦੀ ਨਖੇਧੀ:ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਕਿਹਾ ਕਿ,'ਮੈਨੂੰ ਇਹ ਜਾਣ ਕੇ ਗਹਿਰਾ ਦੁੱਖ ਲੱਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਭੇਂਟ ਕੀਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਮਾਡਲ ਨੂੰ ਸਰਕਾਰ ਬੋਲੀ ਵਿੱਚ ਵੇਚਣ ਜਾ ਰਹੀ ਹੈ। ਇਹ ਮਾਡਲ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਅਤੇ ਅਸ਼ੀਰਵਾਦ ਦੇ ਪਵਿੱਤਰ ਚਿੰਨ੍ਹ ਵਜੋਂ ਭੇਂਟ ਕੀਤਾ ਗਿਆ ਸੀ ਅਤੇ ਇਸ ਨੂੰ ਨਿਲਾਮ ਕਰਨਾ ਇਸ ਦਾ ਘੋਰ ਨਿਰਾਦਰ ਹੋਏਗਾ ਤੇ ਇਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਮੇਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਸਨਿਮਰ ਬੇਨਤੀ ਕਿ ਇਸ ਨਿਲਾਮੀ ਨੂੰ ਤੁਰੰਤ ਰੋਕਿਆ ਜਾਵੇ। ਜੇਕਰ ਸਰਕਾਰ ਆਪਣੇ ਆਪ ਨੂੰ ਇਸ ਪਾਵਨ ਅਤੇ ਅਣਮੁੱਲੀ ਬਖ਼ਸ਼ਿਸ਼ ਨੂੰ ਸੰਭਾਲਣ ਤੋਂ ਅਸਮਰੱਥ ਮਹਿਸੂਸ ਕਰਦੀ ਹੈ ਤਾਂ ਮੇਰੀ ਬੇਨਤੀ ਹੈ ਕਿ ਇਸ ਪਵਿੱਤਰ ਚਿੰਨ੍ਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਿਸ ਸੌਂਪਣ ਦੀ ਕਿਰਪਾਲਤਾ ਕੀਤੀ ਜਾਵੇ।
ਭਾਜਪਾ ਆਗੂ ਦਾ ਅਕਾਲੀ ਦਲ ਉੱਤੇ ਵਾਰ:ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ (BJP leader Manjinder Singh Sirsa) ਨੇ ਕਿਹਾ ਕਿ ਵੋਟ ਬੈਂਕ ਲਈ ਧਾਰਮਿਕ ਆਸਥਾ ਦਾ ਸ਼ੋਸ਼ਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਤਰਕ ਦਿੰਦਿਆਂ ਪੋਸਟ ਵਿੱਚ ਲਿਖਿਆ ਕਿ ਐਮਾਜ਼ੋਨ ਉੱਤੇ ਅਣਗਿਣਤ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਹਨ, ਜਿਨ੍ਹਾਂ ਦੀ ਹਰ ਰੋਜ਼ ਨਿਲਾਮੀ ਹੁੰਦੀ ਹੈ ਫਿਰ ਉਸ ਲਈ ਅਕਾਲੀ ਦਲ ਨੇ ਕਦੇ ਆਵਾਜ਼ ਕਿਉਂ ਨਹੀਂ ਚੁੱਕੀ।
ਵੋਟ ਬੈਂਕ ਲਈ ਧਾਰਮਿਕ ਆਸਥਾ ਦਾ ਸ਼ੋਸ਼ਣ ਕਰਨਾ ਕੀ ਹੈ @ਅਕਾਲੀ_ਦਲ_ਕਰਦਾ ਹੈ! ਐਮਾਜ਼ਾਨ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲਾਂ ਨਾਲ ਭਰਿਆ ਹੋਇਆ ਹੈ ਜੋ ਆਨਲਾਈਨ ਖਰੀਦਣ ਲਈ ਉਪਲਬਧ ਹਨ। @officeofssbadal ਜੀ ਇਹਨਾਂ ਮਾਡਲਾਂ ਨੂੰ ਵਾਪਸ ਲੈਣ/ਪਾਬੰਦੀ ਕਰਨ ਲਈ ਵੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ! ਸਿਆਸੀ ਲਾਹੇ ਲਈ ਹਰ ਸਮਾਜਿਕ ਮੁੱਦੇ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਅਢੁੱਕਵੀਂ ਗੱਲ ਹੈ। -ਮਨਜਿੰਦਰ ਸਿਰਸਾ, ਭਾਜਪਾ ਆਗੂ
ਇਸ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ, "ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਨਿਲਾਮੀ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮਾਡਲ ਵੀ ਸ਼ਾਮਲ ਹੈ। ਤੁਹਾਨੂੰ ਬੇਨਤੀ ਹੈ ਕਿ ਇਸ ਨੂੰ ਸੂਚੀ ਵਿੱਚੋਂ ਹਟਾ ਦਿਓ ਕਿਉਂਕਿ ਇਹ ਕੋਈ ਅਜਿਹੀ ਵਸਤੂ ਨਹੀਂ ਹੈ ਜਿਸ ਦਾ ਆਰਥਿਕ ਪੱਖੋਂ ਕੋਈ ਸੀਮਤ ਮੁੱਲ ਹੋ ਸਕਦਾ ਹੈ। ਇਸ ਨਾਲ ਸਿੱਖਾਂ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਹਰ ਪੰਜਾਬੀ ਲਈ ਸਰਵਉੱਚ ਅਧਿਆਤਮਿਕ ਅਤੇ ਅਸਥਾਨ ਹੈ।ਮੈਂ ਸ਼੍ਰੋਮਣੀ ਕਮੇਟੀ ਨੂੰ ਇਸ ਮੁੱਦੇ ਨੂੰ ਤੁਰੰਤ ਉਠਾਉਣ ਦੀ ਅਪੀਲ ਕਰਦਾ ਹਾਂ। ਪੀਐਮਓ ਨਾਲ। ਮੈਂ ਤੁਹਾਨੂੰ ਇਸ ਨੂੰ ਅੱਗੇ ਲਿਆਉਣ ਦੀ ਬੇਨਤੀ ਕਰਦਾ ਹਾਂ।"