ਚੰਡੀਗੜ੍ਹ:ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਗੁਰਦਾਸਪੁਰ 'ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਜਿਸਦੇ ਵਿਚ ਉਹਨਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਦੂਜੇ ਪਾਸੇ ਭਾਜਪਾ ਨੇ ਆਪਣੇ ਭਾਜਪਾ ਵਰਕਰਾਂ ਨਾਲੋਂ ਜ਼ਿਆਦਾ ਪੁਰਾਣੇ ਕਾਂਗਰਸੀਆਂ 'ਤੇ ਭਰੋਸਾ ਕਰ ਰਹੀ ਹੈ। ਭਾਜਪਾ ਵੱਲੋਂ ਕਾਂਗਰਸ ਛੱਡਕੇ ਭਾਜਪਾ 'ਚ ਗਏ ਵੱਡੇ ਚਿਹਰਿਆਂ 'ਤੇ ਦਾਅ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਾਂਗਰਸ ਛੱਡ ਕੇ ਭਾਜਪਾ 'ਚ ਗਏ ਕਈ ਵੱਡੇ ਚਿਹਰੇ ਭਾਜਪਾ ਨੂੰ ਭਾਅ ਰਹੇ ਹਨ ਅਤੇ ਪੁਰਾਣੇ ਭਾਜਪਾ ਆਗੂਆਂ ਨਾਲੋਂ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ। ਪੰਜਾਬ ਲੋਕ ਸਭਾ ਚੋਣਾਂ ਲਈ ਇਹਨਾਂ ਆਗੂਆਂ ਨੂੰ ਟਿਕਟਾਂ ਨਾਲ ਨਿਵਾਜਣ ਦੀ ਰਣਨੀਤੀ 'ਤੇ ਕੰਮ ਵੀ ਕਰ ਸਕਦੀ ਹੈ। ਇਹਨਾਂ ਵਿਚੋਂ ਜ਼ਿਆਦਾਤਰ ਸਿੱਖ ਚਿਹਰੇ ਹਨ ਜਿਹਨਾਂ ਨੂੰ ਭਾਜਪਾ ਸ਼ੁਰੂ ਤੋਂ ਹੀ ਪੰਜਾਬ ਦੇ ਚੋਣ ਏਜੰਡੇ ਵਿਚ ਸ਼ਾਮਲ ਕਰ ਰਹੀ। ਸਿੱਖ ਚਿਹਰਿਆਂ 'ਤੇ ਦਾਅ ਲਾ ਕੇ ਪੰਜਾਬ ਵਿਚ ਭਾਜਪਾ ਵੱਡੇ ਰਾਜਨੀਤਿਕ ਬਦਲਾਅ ਕਰਨ ਦੀ ਫਿਰਾਕ ਵਿਚ ਹੈ। ਪਰ ਕੀ ਵਾਕਿਆ ਹੀ ਭਾਜਪਾ ਇਹਨਾਂ ਆਗੂਆਂ ਨੂੰ ਨਾਲ ਲੈ ਕੇ ਪੰਜਾਬ ਦੀ ਸਿਆਸਤ ਵਿਚ ਵੱਡਾ ਬਦਲਾਅ ਕਰ ਸਕੇਗੀ।
ਵੱਡੇ ਫ਼ਰਕ ਨਾਲ ਹਾਰੇ ਵੱਡੇ ਦਿੱਗਜ਼
ਇਹ ਕਾਂਗਰਸੀ ਲੀਡਰ ਹੋਏ ਭਾਜਪਾ ਦੇ:-ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਕਾਂਗਰਸ ਦੇ ਕਈ ਵੱਡੇ ਚਿਹਰੇ ਭਾਜਪਾ ਦਾ ਪੱਲਾ ਫੜ੍ਹ ਚੁੱਕੇ ਹਨ। ਜਿਹਨਾਂ ਵਿਚ ਪੰਜਾਬ ਦੇ ਕਈ ਦਿੱਗਜ ਆਗੂਆਂ ਦਾ ਨਾਂ ਸ਼ਾਮਲ ਹੈ। ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਕੇਵਲ ਸਿੰਘ ਢਿੱਲੋਂ, ਫਤਹਿਜੰਗ ਬਾਜਵਾ, ਸਾਬਕਾ ਮੰਤਰੀ ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ, ਰਾਜ ਕੁਮਾਰ ਵੇਰਕਾ, ਰਾਣਾ ਗੁਰਮੀਤ ਸੋਢੀ, ਮਨਪ੍ਰੀਤ ਬਾਦਲ, ਸੁੰਦਰ ਸ਼ਾਮ ਅਰੋੜਾ ਅਤੇ ਦਾਮਨ ਥਿੰਦ ਬਾਜਵਾ ਇਹਨਾਂ ਲੀਡਰਾਂ ਨੂੰ ਭਾਜਪਾ ਨੇ ਪੰਜਾਬ ਵਿਚ ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਹਨ।
ਇਹਨਾਂ ਲੀਡਰਾਂ ਦੀ ਆਪਣੇ ਇਲਾਕਿਆਂ ਵਿੱਚ ਕੀ ਸਥਿਤੀ ਹੈ ?ਮਨਪ੍ਰੀਤ ਬਾਦਲ ਅਤੇ ਗੁਰਪ੍ਰੀਤ ਕਾਂਗੜ ਬਠਿੰਡਾ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ। ਮਨਪ੍ਰੀਤ ਬਾਦਲ ਬਠਿੰਡਾ ਸ਼ਹਿਰੀ ਅਤੇ ਗੁਰਪ੍ਰੀਤ ਕਾਂਗੜ ਰਾਮਪੁਰਾ ਫੂਲ ਦੀ ਨੁਮਾਇੰਦਗੀ ਕਰਦੇ ਰਹੇ ਹਨ। ਇਹਨਾਂ ਦੇ ਇਲਾਕਿਆਂ ਵਿਚ ਇਹਨਾਂ ਦੀ ਸਥਿਤੀ ਬਾਰੇ ਬੋਲਦਿਆਂ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਕਹਿੰਦੇ ਹਨ ਕਿ ਗੁਰਪ੍ਰੀਤ ਕਾਂਗੜ ਦਾ ਰਾਮਪੁਰਾ ਫੂਲ ਹਲਕਾ ਭਾਵੇਂ ਜ਼ਿਲ੍ਹਾ ਬਠਿੰਡਾ 'ਚ ਆਉਂਦਾ ਹੈ ਇਸਦਾ ਲੋਕ ਸਭਾ ਹਲਕਾ ਫਰੀਦਕੋਟ ਹੈ।
ਉਹਨਾਂ ਦੇ ਸਿਆਸੀ ਕਰੀਅਰ 'ਚ ਉਹ 3 ਵਾਰ ਵਿਧਾਇਕ ਬਣੇ ਅਤੇ 3 ਵਾਰ ਹੀ ਹਾਰੇ ਹਨ ਸਭ ਤੋਂ ਪਹਿਲਾਂ ਉਹ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣ ਲੜੇ ਸਨ। ਨੌਜਵਾਨ ਹੋਣ ਕਾਰਨ ਅਤੇ ਰਹਿਣ ਸਹਿਣ ਕਾਰਨ ਗੁਰਪ੍ਰੀਤ ਕਾਂਗੜ ਸਭ ਨੂੰ ਚੰਗੇ ਲੱਗਦੇ ਸਨ। ਇਹਨਾਂ ਦੇ ਕਰੀਅਰ ਵਿਚ ਜਿੱਤ ਹਾਰ ਚੱਲਦੀ ਰਹੀ ਅਤੇ ਪਿਛਲੀ ਸਰਕਾਰ ਵਿਚ ਇਹ ਮੰਤਰੀ ਵੀ ਬਣੇ। ਇਹਨਾਂ ਦੇ ਬੇਟਾ ਅਤੇ ਕੁੜਮ ਵੀ ਚੇਅਰਮੈਨ ਬਣੇ ਤਾਕਤ ਲਗਾਤਾਰ ਵਧੀ ਪਰ ਫਿਰ ਵੀ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ। ਇਸ ਲਈ ਭਾਜਪਾ ਅਜਿਹੇ ਚਿਹਰਿਆਂ ਨੂੰ ਟਿਕਟ ਦੇਣ ਤੋਂ ਪਹਿਲਾਂ ਸਿਆਣਪ ਜ਼ਰੂਰ ਵਰਤੇਗੀ।
ਹਾਰੇ ਮੰਤਰੀ ਕਿਵੇਂ ਬਚਾਉਣਗੇ ਭਾਜਪਾ ਦੀ ਸ਼ਾਖ ਮਨਪ੍ਰੀਤ ਬਾਦਲ ਦੀ ਹੋ ਸਕਦੀ ਹੈ ਜ਼ਮਾਨਤ ਜ਼ਬਤ :-ਰਹੀ ਗੱਲ ਮਨਪ੍ਰੀਤ ਬਾਦਲ ਦੀ ਤਾਂ ਉਹਨਾਂ ਦੇ ਸੰਦਰਭ 'ਚ ਬੋਲਦਿਆਂ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਕਹਿੰਦੇ ਹਨ ਕਿ ਮਨਪ੍ਰੀਤ ਬਾਦਲ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਅਕਾਲੀ ਦਲ ਦੇ ਉਮੀਦਵਾਰ ਵਜੋਂ 1995 ਗਿਦੜਬਾਹਾ ਉਪ ਚੋਣਾਂ ਤੋਂ ਕੀਤੀ ਸੀ। ਮਨਪ੍ਰੀਤ 1995, 2002, 2007 'ਚ ਵਿਧਾਇਕ ਬਣੇ ਅਤੇ 2007 'ਚ ਪੰਜਾਬ ਦੇ ਵਿੱਤ ਮੰਤਰੀ ਵੀ ਬਣੇ। ਫਿਰ ਅਕਾਲੀ ਦਲ ਤੋਂ ਵੱਖ ਹੋ ਕੇ 2012 'ਚ ਪੀਪੀਪੀ ਦਾ ਗਠਨ ਕੀਤਾ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਪਾਰਟੀ ਦਾ ਹਿੱਸਾ ਰਹੇ। 2012 ਦੀਆਂ ਵਿਧਾਨ ਸਭਾ ਚੋਣਾਂ ਇਹ ਪਾਰਟੀ ਬੁਰੀ ਤਰ੍ਹਾਂ ਹਾਰੀ ਅਤੇ ਫਿਰ ਮਨਪ੍ਰੀਤ ਬਾਦਲ ਕਾਂਗਰਸ 'ਚ ਸ਼ਾਮਲ ਹੋ ਗਏ।
ਫਿਰ 2017 'ਚ ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣੇ ਅਤੇ ਹੁਣ ਮਨਪ੍ਰੀਤ ਬਾਦਲ ਭਾਜਪਾ 'ਚ ਹਨ। ਚੰਦਰ ਪ੍ਰਕਾਸ਼ ਦੱਸਦੇ ਹਨ ਕਿ ਮਨਪ੍ਰੀਤ ਬਾਦਲ ਦੀ ਅਗਵਾਈ ਦੌਰਾਨ ਬਠਿੰਡਾ 'ਚ ਨਾਚ ਘਰ ਖੁੱਲੇ, ਜੂਏ ਦੇ ਅੱਡੇ ਖੁੱਲੇ, ਮਸਾਜ ਸੈਂਟਰ ਖੁੱਲੇ, ਜਾਅਲੀ ਪਰਚੇ ਹੋਏ ਜਿਸ ਕਰਕੇ ਲੋਕਾਂ ਨੇ ਮਨਪ੍ਰੀਤ ਬਾਦਲ ਨੂੰ ਬੁਰੀ ਤਰ੍ਹਾਂ ਨਕਾਰਿਆ। ਭਾਜਪਾ ਨੂੰ ਚੰਗਾ ਲੱਗਿਆ ਅਤੇ ਭਾਜਪਾ ਨੇ ਮਨਪ੍ਰੀਤ ਬਾਦਲ ਨੂੰ ਆਪਣਾ ਹਿੱਸਾ ਬਣਾ ਲਿਆ। ਜੇਕਰ ਭਾਜਪਾ ਮਨਪ੍ਰੀਤ ਬਾਦਲ ਨੂੰ ਟਿਕਟ ਦਿੰਦੀ ਹੈ ਤਾਂ ਇਸਦਾ ਖਮਿਆਜ਼ਾ ਵੀ ਉਸਨੂੰ ਭੁਗਤਣਾ ਪੈ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਮਨਪ੍ਰੀਤ ਬਾਦਲ ਦੀ ਜ਼ਮਾਨਤ ਤੱਕ ਜ਼ਬਤ ਹੋ ਜਾਵੇ।
ਸੰਗਰੂਰ ਦੀ ਹਵਾ ਕੁਝ ਹੋਰ ਹੀ ਕਹਿੰਦੀ ਹੈ:-ਕੇਵਲ ਸਿੰਘ ਢਿੱਲੋਂ, ਦਾਮਨ ਥਿੰਦ ਬਾਜਵਾ ਅਤੇ ਅਰਵਿੰਦ ਖੰਨਾ ਸੰਗਰੂਰ ਵਿਚ 3 ਅਜਿਹੇ ਚਿਹਰੇ ਹਨ ਜੋ ਕਾਂਗਰਸ ਤੋਂ ਭਾਜਪਾ ਵਿਚ ਗਏ। ਇਹਨਾਂ ਤੇ ਦਾਅ ਲਾ ਕੇ ਭਾਜਪਾ ਨੂੰ ਕੁਝ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਇਹ ਕਹਿਣਾ ਹੈ ਕਿ ਸੰਗਰੂਰ ਤੋਂ ਸੀਨੀਅਰ ਪੱਤਰਕਾਰ ਕੀਰਤੀਪਾਲ ਦਾ। ਕੀਰਤੀਪਾਲ ਕਹਿੰਦੇ ਹਨ ਕਿ ਕੇਵਲ ਸਿੰਘ ਢਿੱਲੋਂ ਨੂੰ ਆਪਣੇ ਸਿਆਸੀ ਕਰੀਅਰ ਵਿਚ ਕਈ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਸਾਲ 2019 ਵਿਚ ਉਹ ਲੋਕ ਸਭਾ ਦੀ ਚੋਣ ਭਗਵੰਤ ਮਾਨ ਤੋਂ ਹਾਰੇ ਸਨ ਉਸ ਵੇਲੇ ਉਹ ਕਾਂਗਰਸ ਦੇ ਉਮੀਦਵਾਰ ਸਨ। ਕੇਵਲ ਸਿੰਘ ਢਿੱਲੋਂ ਦਾ ਸੰਗਰੂਰ ਅਤੇ ਬਰਨਾਲਾ ਵਿਚ ਕੋਈ ਬਹੁਤ ਜ਼ਿਆਦਾ ਦਬਦਬਾ ਨਹੀਂ ਹੈ। ਦਾਮਨ ਥਿੰਦ ਬਾਜਵਾ ਨੌਜਵਾਨ ਸਪੋਕਸ ਪਰਸਨ ਵਜੋਂ ਵਿਚਰਦੇ ਹਨ ਉਸਨੂੰ ਟਿਕਟ ਦੇਣ ਬਾਰੇ ਭਾਜਪਾ ਬੇਸ਼ੱਕ ਵਿਚਾਰ ਕਰੇ। ਅਰਵਿੰਦ ਖੰਨਾ ਵੀ ਸੰਗਰੂਰ ਵਿਚ ਸਰਗਰਮ ਤੌਰ 'ਤੇ ਵਿਚਰ ਰਹੇ ਹਨ। ਪਰ ਸੰਗਰੂਰ ਵਾਸੀਆਂ ਦੇ ਮੂਡ ਦਾ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਬਦਲ ਜਾਵੇ। ਪੰਜਾਬ 'ਚ ਸਰਕਾਰ ਆਪ ਦੀ ਅਤੇ ਐਮਪੀ ਸਿਮਰਨਜੀਤ ਸਿੰਘ ਮਾਨ। ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਸੰਗਰੂਰ ਵਾਸੀ ਆਪਣਾ ਮੂਡ ਤੈਅ ਕਰਦੇ ਹਨ। ਬਾਕੀ ਇਹਨਾਂ ਤਿੰਨਾ ਲੀਡਰਾਂ ਦਾ ਸੰਗਰੂਰ ਵਿਚ ਕੋਈ ਬਹੁਤਾ ਚੰਗਾ ਅਧਾਰ ਨਹੀਂ।
ਇਹਨਾਂ ਮੰਤਰੀਆਂ ਨੇ ਛੱਡੀ ਕਾਂਗਰਸ
ਕੀ ਭਾਜਪਾ ਨੂੰ ਜਿਤਾਉਣ 'ਚ ਕਾਮਯਾਬ ਰਹਿਣਗੇ ਇਹ ਚਿਹਰੇ:-ਇਹ ਜਿੰਨੇ ਵੀ ਚਿਹਰੇ ਕਾਂਗਰਸ ਤੋਂ ਭਾਜਪਾ ਵਿਚ ਗਏ ਹਨ ਇਹ ਸਾਰੇ ਹੀ ਪੰਜਾਬ ਦੀ ਸਿਆਸਤ ਦੇ ਪੁਰਾਣੇ ਖੁੰਢ ਹਨ ਅਤੇ ਵਿਧਾਨ ਸਭਾ ਚੋਣਾਂ 2022 ਬਹੁਤ ਵੱਡੇ ਮਾਰਜਨ ਨਾਲ ਹਾਰੇ ਹਨ। ਅਜਿਹੇ ਵਿਚ ਸਵਾਲ ਇਹ ਉੱਠਦਾ ਹੈ ਕਿ ਲੋਕਾਂ ਵੱਲੋਂ ਬੁਰੀ ਤਰ੍ਹਾਂ ਨਕਾਰੇ ਲੀਡਰ ਕਿਸ ਤਰ੍ਹਾਂ ਭਾਜਪਾ ਦਾ ਪਾਰ ਉਤਾਰਾ ਕਰ ਸਕਦੇ ਹਨ। ਹਾਲਾਂਕਿ ਅਬੋਹਰ ਵਿਚ ਸੁਨੀਲ ਜਾਖੜ ਦਾ ਦਬਦਬਾ ਅੱਜ ਵੀ ਕਾਇਮ ਹੈ ਉਹਨਾਂ ਦੇ ਭਤੀਜੇ ਸੰਦੀਪ ਜਾਖੜ ਪਹਿਲੀ ਵਾਰ ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਬਣੇ ਹਨ। ਭਾਜਪਾ ਨੇ ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਇਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਤਾਂ ਦਿੱਤੀਆਂ ਹਨ ਪਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਜ਼ਿੰਮੇਵਾਰੀਆਂ ਇਹ ਲੀਡਰ ਕਿਵੇਂ ਨਿਭਾ ਸਕਣਗੇ ਇਹ ਸਭ ਲਈ ਸਵਾਲ ਬਣਿਆ ਹੋਇਆ ਹੈ।
ਵੱਡੇ ਮਾਰਜਨ ਨਾਲ ਹਾਰੇ ਇਹ ਸਾਰੇ ਆਗੂ :-ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਗੱਲ ਕਰੀਏ ਤਾਂ ਮਨਪ੍ਰੀਤ ਬਾਦਲ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਤੋਂ 63,581 ਵੋਟਾਂ ਨਾਲ ਹਾਰੇ, ਕੈਪਟਨ ਅਮਰਿੰਦਰ ਸਿੰਘ ਆਪ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਤੋਂ 19873 ਵੋਟਾਂ ਨਾਲ ਹਾਰੇ, ਫਤਹਿਜੰਗ ਬਾਜਵਾ 41691 ਵੋਟਾਂ ਨਾਲ ਹਾਰੇ, ਬਲਬੀਰ ਸਿੱਧੂ 34097 ਵੋਟਾਂ ਨਾਲ ਹਾਰੇ, ਡਾ. ਰਾਜ ਕੁਮਾਰ ਵੇਰਕਾ ਆਪ ਉਮੀਦਵਾਰ ਡਾ. ਜਸਬੀਰ ਸਿੰਘ ਤੋਂ 43913 ਵੋਟਾਂ 'ਤੇ ਹਾਰੇ ਅਤੇ ਗੁਰਪ੍ਰੀਤ ਕਾਂਗੜ ਆਪ ਉਮੀਦਵਾਰ ਬਲਕਾਰ ਸਿੱਧੂ ਤੋਂ 27970 ਵੋਟਾਂ ਨਾਲ ਹਾਰੇ।