ਚੰਡੀਗੜ੍ਹ: ਕਾਂਗਰਸੀ ਵਰਕਰਾਂ ਵੱਲੋਂ ਭਾਜਪਾ ਦਫ਼ਤਰਾਂ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਮੰਗਲਵਾਰ ਨੂੰ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਦੇ ਇੱਕ ਵਫ਼ਦ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪ ਕੇ ਸਰਕਾਰ ਨੂੰ ਨਿਰਦੇਸ਼ ਦੇਣ ਦੀ ਬੇਨਤੀ ਵੀ ਕੀਤੀ।
ਕਾਂਗਰਸੀਆਂ ਦੀ ਧੱਕੇਸ਼ਾਹੀ ਵਿਰੁੱਧ ਭਾਜਪਾ ਨੇ ਰਾਜਪਾਲ ਬਦਨੌਰ ਨੂੰ ਸੌਂਪਿਆ ਮੰਗ ਪੱਤਰ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਬੀਜੇਪੀ ਦੇ ਦਫ਼ਤਰ ਦੇ ਬਾਹਰ ਭੰਨ ਤੋੜ ਕਰਕੇ ਦਫ਼ਤਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰੰਤੂ ਇਸ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀਆਂ ਵਿਰੁੱਧ ਤਾਂ ਪਰਚਾ ਕੀ ਦਰਜ ਕਰਨਾ ਸੀ, ਉਲਟਾ ਭਾਜਪਾ ਵਰਕਰਾਂ ਉਪਰ ਹੀ 308 ਦੇ ਪਰਚੇ ਕਰ ਦਿੱਤੇ।
ਉਨ੍ਹਾਂ ਮੁੱਖ ਮੰਤਰੀ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਆਈਐਸਆਈ ਵੱਲੋਂ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਬਿਆਨਬਾਜ਼ੀ ਕਰ ਰਹੇ ਹਨ, ਜਦਕਿ ਸੂਬੇ ਵਿੱਚ ਤਾਂ ਯੂਥ ਕਾਂਗਰਸ ਹੀ ਮਾਹੌਲ ਖ਼ਰਾਬ ਕਰਨ 'ਤੇ ਲੱਗੀ ਹੋਈ ਹੈ।
ਭਾਜਪਾ ਪ੍ਰਧਾਨ ਨੇ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ 'ਕਿਸਾਨ ਬਚਾਓ ਯਾਤਰਾ' ਬਾਰੇ ਕਿਹਾ ਕਿ ਰਾਹੁਲ ਗਾਂਧੀ ਕਿਸਾਨ ਹੀ ਨਹੀਂ ਹੈ। ਉਹ ਕਾਂਗਰਸ ਵੱਲੋਂ ਪਹਿਲਾਂ ਜਾਰੀ ਚੋਣ ਮੈਨੀਫੈਸਟੋ ਨੂੰ ਬਿਨਾਂ ਪੜ੍ਹੇ ਹੀ ਮਾਰਚ ਕਰਨ ਆ ਗਏ ਹਨ, ਕਿਉਂਕਿ ਕਾਂਗਰਸ ਦੇ ਪਹਿਲਾਂ ਵਾਲੇ ਮੈਨੀਫੈਸਟੋ ਵਿੱਚ ਇਹੀ ਖੇਤੀ ਬਿੱਲ ਲਿਆਉਣ ਦੀ ਗੱਲ ਹੁੰਦੀ ਰਹੀ ਹੈ ਤੇ ਸਾਬਕਾ ਪ੍ਰਧਾਨ ਮੰਤਰੀ ਵੀ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾਉਂਦੇ ਰਹੇ ਹਨ।
ਉਧਰ, ਪ੍ਰੈਸ ਵਾਰਤਾ ਦੌਰਾਨ ਹੁਸ਼ਿਆਰਪੁਰ ਤੋਂ ਸੰਸਦ ਸੋਮ ਪ੍ਰਕਾਸ਼ ਨੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁੱਖ ਮੰਤਰੀ ਵੱਲੋਂ ਕਲੀਨ ਚਿੱਟ ਦੇਣ ਦੇ ਮਾਮਲੇ 'ਤੇ ਕਿਹਾ ਕਿ ਸੀਬੀਆਈ ਇਸ ਮਾਮਲੇ ਦੀ ਜਾਂਚ ਕਰੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਆਏ ਤਾਜ਼ਾ ਫ਼ੰਡ ਵੀ ਸਰਕਾਰ ਵੱਲੋਂ ਨਾ ਹੀ ਵੰਡੇ ਗਏ ਹਨ ਅਤੇ ਨਾ ਹੀ ਕੋਈ ਯੂਟੀਲਾਈਜ਼ ਸਰਟੀਫ਼ਿਕੇਟ ਕੇਂਦਰ ਨੂੰ ਭੇਜੇ ਗਏ ਹਨ।