ਚੰਡੀਗੜ੍ਹ: ਆਪਣੀ ਅਦਾਕਾਰੀ ਨਾਲ ਫਿਲਮ 'ਕਾਲਾ ਸ਼ਾਹ ਕਾਲਾ' ਵਿੱਚ ਧਮਾਲਾਂ ਪਾਉਣ ਤੋਂ ਬਾਅਦ ਬਿੰਨੂ ਢਿੱਲੋਂ ਜਲਦ ਹੀ ਕ੍ਰਿਕੇਟ ਦੇ ਮੈਦਾਨ ਵਿੱਚ ਚੌਕੇ ਛੱਕੇ ਲਗਾਉਂਦੇ ਵਿਖਾਈ ਦੇਣਗੇ। ਦਰਅਸਲ, ਬਿੰਨੂ ਢਿੱਲੋਂ ਸੈਲੀਬ੍ਰਿਟੀ ਕ੍ਰਿਕੇਟ ਲੀਗ 2019 ਵਿੱਚ ਹਿੱਸਾ ਲੈ ਰਹੇ ਹਨ।
ਈਟੀਵੀ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਬਿੰਨੂ ਨੇ ਦੱਸਿਆ ਕਿ ਉਹ ਆਪਣੀ ਫਿਲਮ ਕਾਲਾ ਸ਼ਾਹ ਕਾਲਾ ਦੀ ਸਫ਼ਲਤਾ ਨਾਲ ਬਹੁਤ ਖੁਸ਼ ਹਨ ਤੇ ਹੁਣ ਉਹ ਬਹੁਤ ਜਲਦ ਅਗਲੀ ਫਿਲਮ ਮਿੰਦੋ ਤਹਿਸੀਲਦਾਰਨੀ ਵਿੱਚ ਵਿਖਾਈ ਦੇਣਗੇ। ਉਨ੍ਹਾਂ ਕਿਹਾ ਕਿ ਉਹ ਇਸ ਫ਼ਿਲਮ ਵਿੱਚ ਆਪਣੇ ਰੋਲ ਲਈ ਕਾਫ਼ੀ ਉਤਸੁਕ ਹਨ।ਕਈ ਫਿਲਮਾਂ ਵਿੱਚ ਬਿੰਨੂ ਨਾਲ ਕੰਮ ਕਰ ਚੁੱਕੀ ਅਦਾਕਾਰਾ ਕਵਿਤਾ ਕੌਸ਼ਿਕ ਵੱਲੋਂ ਬਿੰਨੂ ਨਾਲ ਆਉਣ ਵਾਲੀ ਫਿਲਮਾਂ ਵਿੱਚ ਕੰਮ ਕਰਨ ਤੋਂ ਇਨਕਾਰ ਕਰਨ ਬਾਰੇ ਬਿੰਨੂ ਨੇ ਕਿਹਾ ਕਿ ਉਹ ਆਪ ਨਿਰਦੇਸ਼ਕ ਹੇਠ ਕੰਮ ਕਰਦੇ ਹਨ ਤੇ ਜੇ ਉਹ ਆਪ ਅਦਾਕਾਰਾਂ ਨੂੰ ਕਾਸਟ ਕਰਨ ਤਾਂ ਉਹ ਜ਼ਰੂਰ ਕਵਿਤਾ ਨੂੰ ਕਾਸਟ ਕਰਦੇ ਪਰ ਉਹ ਹੋਰ ਕਿਸੇ 'ਤੇ ਕਵਿਤਾ ਨੂੰ ਚੁਣਨ ਲਈ ਦਬਾਅ ਨਹੀਂ ਪਾ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਵਿਤਾ ਉਨ੍ਹਾਂ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਤਾਂ ਇਹ ਕਵਿਤਾ ਦੀ ਮਰਜ਼ੀ ਹੈ।ਇਸ ਤੋਂ ਇਲਾਵਾ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ਵਿੱਚ ਕੰਮ ਕਰਨ ਬਾਰੇ ਬਿੰਨੂ ਨੇ ਕਿਹਾ, "ਆਰਟਿਸਟ ਚਾਹੇ ਕਿਸੇ ਵੀ ਖੇਤਰ ਦਾ ਹੋਵੇ ਉਸ 'ਤੇ ਇਸ ਤਰ੍ਹਾਂ ਦੀ ਬੰਦਿਸ਼ ਨਹੀਂ ਹੋਣੀ ਚਾਹੀਦੀ ਪਰ ਹਾਂ ਜੇ ਸਰਕਾਰ ਕੋਈ ਵੀ ਇਸ ਤਰ੍ਹਾਂ ਦਾ ਫ਼ੈਸਲਾ ਲੈਂਦੀ ਹੈ ਤਾਂ ਉਹ ਦੇਸ਼ ਦੇ ਨਾਲ ਖੜੇ ਨੇ।"