ਖ਼ਾਸ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਐੱਸਜੀਪੀਸੀ ਚੋਣਾਂ ਨਾਲ ਸਬੰਧਤ ਮਤੇ ਦਾ ਸਮਰਥਨ ਕੀਤਾ ਹੈ ਪਰ ਇਸ ਦੇ ਨਾਲ ਹੀ ਅਕਾਲੀ ਦਲ ਨੇ ਐੱਚਐੱਸ ਫੂਲਕਾ 'ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫੂਲਕਾ, ਕਾਂਗਰਸ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ।
ਵਿਧਾਨ ਸਭਾ 'ਚ ਐੱਸਜੀਪੀਸੀ ਚੋਣਾਂ ਸਬੰਧੀ ਮਤਾ ਪਾਸ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਦੇ ਤੀਜੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀਆਂ ਚੋਣਾਂ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਦਾ ਸਮਰਥਨ ਕੀਤਾ।
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਦੇ ਬਾਹਰ ਪ੍ਰੈਸ ਕਾਨਫਰੰਸ ਕਰਦੇ ਹੋਏ ਆਖਿਆ ਕਿ ਸੈਸ਼ਨ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਮੈਚ ਫਿਕਸਿੰਗ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਫੂਲਕਾ ਕਾਂਗਰਸ ਨਾਲ ਰਲੇ ਹੋਏ ਹਨ। ਫੂਲਕਾ ਸਭ ਨੂੰ ਸਪਸ਼ਟ ਕਰਨ ਕਿ ਉਨ੍ਹਾਂ ਦਾ ਕਾਂਗਰਸ ਨਾਲ ਕੀ ਸਮਝੌਤਾ ਹੋਇਆ ਹੈ।
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਐੱਚਐੱਸ ਫੂਲਕਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਐੱਸਜੀਪੀਸੀ ਚੋਣਾਂ 'ਤੇ ਚਰਚਾ ਲਈ ਪੇਪਰ ਜਮ੍ਹਾਂ ਕਰਵਾਏ ਸਨ। ਫੂਲਕਾ ਨੇ ਐੱਸਜੀਪੀਸੀ ਚੋਣਾਂ ਜਲਦ ਕਰਵਾਏ ਜਾਣ ਦੀ ਮੰਗ ਕੀਤੀ ਸੀ। ਹਾਲਾਂਕਿ ਐੱਚਐੱਸ ਫੂਲਕਾ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੋਣ ਦਾ ਰੋਸ ਜਤਾਉਂਦੇ ਹੋਏ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹ ਵਿਧਾਨ ਸਭਾ ਸੈਸ਼ਨ 'ਚ ਹਾਜ਼ਰ ਵੇਖੇ ਜਾ ਰਹੇ ਹਨ।