ਚੰਡੀਗੜ੍ਹ:ਇੱਕ ਪਾਸੇ ਗੈਂਗਸਟਰ ਵੱਖ-ਵੱਖ ਦੋਸ਼ਾਂ ਵਿੱਚ ਜੇਲ੍ਹਾਂ ਕੱਟ ਰਹੇ ਹਨ, ਦੂਜੇ ਪਾਸੇ ਜੇਲ੍ਹਾਂ ਵਿੱਚ ਗੈਂਗਸਟਰ ਆਪਣੇ ਆਪ ਨੂੰ ਅਣ-ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਅਜਿਹੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਜੇਲ੍ਹ ਤੋਂ ਇਲਾਵਾ ਪੰਜਾਬ ਦੀ ਕਿਸੇ ਹੋਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕਰਨ ਵਾਲੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਏਡੀਜੀ (ਜੇਲ੍ਹ) ਨੂੰ 10 ਦਿਨਾਂ ਵਿੱਚ ਫ਼ੈਸਲਾ ਲੈਣ ਲਈ ਕਿਹਾ ਹੈ।
ਗੈਂਗਸਟਰਾਂ ਤੋਂ ਜਾਨ ਨੂੰ ਖਤਰਾ:ਜਾਣਕਾਰੀ ਅਨੁਸਾਰ ਦੱਸ ਦਈਏ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੀ ਸ਼ਰਨ ਲਈ ਹੈ। ਪਟੀਸ਼ਨ ਦਾਇਰ ਕਰਦੇ ਹੋਏ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੇ ਲਾਰੈਂਸ ਬਿਸ਼ਨੋਈ, ਦਿਲਪ੍ਰੀਤ ਬਾਵਾ, ਨੀਟਾ ਦਿਓਲ, ਗੁਰਪ੍ਰੀਤ ਸੇਖੋਂ ਅਤੇ ਹੋਰ ਗੈਂਗਸਟਰਾਂ ਤੋਂ ਆਪਣੀ ਜਾਨ ਨੂੰ ਖਤਰਾ ਹੋਣ ਦਾ ਦਾਅਵਾ ਕੀਤਾ ਹੈ।
ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ:ਪਟੀਸ਼ਨਰ ਨੇ ਕਿਹਾ ਕਿ ਖ਼ਤਰਾ ਸਿਰਫ਼ ਗਿਰੋਹ ਦੇ ਆਗੂਆਂ ਤੋਂ ਹੀ ਨਹੀਂ, ਸਗੋਂ ਉਨ੍ਹਾਂ ਦੇ ਸਮਰਥਕਾਂ ਅਤੇ ਹਮਦਰਦਾਂ ਤੋਂ ਵੀ ਹੈ ਕਿਉਂਕਿ ਉਹ ਪਟੀਸ਼ਨਰ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਜੇਕਰ ਉਸ ਨੂੰ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਤਾਂ ਉੱਥੇ ਮੌਜੂਦ ਗੈਂਗਸਟਰ ਉਸ ਦੀ ਜਾਨ ਲਈ ਵੱਡਾ ਖ਼ਤਰਾ ਸਾਬਤ ਹੋ ਸਕਦੇ ਹਨ।
ਧਮਕੀਆਂ ਦੀਆਂ ਕਈ ਉਦਾਹਰਣਾਂ:ਪਟੀਸ਼ਨਰ ਨੇ ਇਸ ਸਬੰਧੀ 21 ਸਤੰਬਰ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਭਗਵਾਨਪੁਰੀਆ ਦੇ ਵਕੀਲ ਆਰ ਕਾਤੀਕਾਰਅ ਨੇ ਬੈਂਚ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਉਨ੍ਹਾਂ ਨੇ ਅਜਿਹੀ ਧਮਕੀ ਦਿੱਤੀ ਹੈ। ਅਜਿਹੀਆਂ ਕਈ ਉਦਾਹਰਣਾਂ ਹਨ, ਜਿਨ੍ਹਾਂ ਨੇ ਪਟੀਸ਼ਨਕਰਤਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕੀਤੀਆਂ ਹਨ।
ਪਹਿਲਾ ਵੀ ਗੈਂਗਸਟਰਾਂ ਦਾ ਰਿਹਾ ਨਿਸ਼ਾਨਾ:ਪਟੀਸ਼ਨਰ ਨੇ ਕਿਹਾ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਪਹਿਲਾਂ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਤੇ ਦਿਲਪ੍ਰੀਤ ਬਾਬਾ ਗਰੁੱਪ ਨਾਲ ਜੁੜੇ ਕੁਝ ਗੈਂਗਸਟਰਾਂ ਦਾ ਨਿਸ਼ਾਨਾ ਸੀ। ਇਸ ਤੋਂ ਪਹਿਲਾਂ ਉਹ ਕਈ ਹੋਰ ਗੈਂਗਸਟਰਾਂ ਸਮੇਤ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਬੰਦ ਸੀ। ਇਸ ਦੌਰਾਨ, ਫਰਵਰੀ 2023 ਦੇ ਆਖਰੀ ਹਫ਼ਤੇ, ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਕੁੱਝ ਕੈਦੀਆਂ ਨੇ ਜੇਲ੍ਹ ਦੇ ਕੁਝ ਕੈਦੀਆਂ 'ਤੇ ਇਹ ਦੋਸ਼ ਲਗਾ ਕੇ ਹਮਲਾ ਕੀਤਾ ਕਿ ਉਹ ਪਟੀਸ਼ਨਰ ਗਿਰੋਹ ਦੇ ਮੈਂਬਰ ਹਨ। ਪਟੀਸ਼ਨਰ ਨੇ ਆਪਣੀ ਪਟੀਸ਼ਨ ਵਿੱਚ ਇਹ ਵੀ ਦੱਸਿਆ ਕਿ ਇੱਕ ਹੋਰ ਗੈਂਗਸਟਰ ਗੋਲਡੀ ਬਰਾੜ, ਜੋ ਕਿ ਵਿਦੇਸ਼ ਵਿੱਚ ਸਰਗਰਮ ਹੈ, ਨੇ ਦਾਅਵਾ ਕੀਤਾ ਸੀ ਕਿ ਇਹ ਹਮਲੇ ਉਸਦੇ ਇਸ਼ਾਰੇ 'ਤੇ ਕੀਤੇ ਗਏ ਸਨ।