ਚੰਡੀਗੜ੍ਹ: ਲੰਬੇ ਸਮੇਂ ਤੋਂ ਇਹ ਮੰਗ ਉੱਠਦੀ ਆਈ ਹੈ ਕਿ ਪੰਜਾਬ 'ਚ ਫ਼ਿਲਮ ਸਿਟੀ ਨਾ ਹੋਣ ਦੇ ਚੱਲਦੇ ਕਈ ਪੰਜਾਬੀ ਫ਼ਿਲਮਾਂ ਸੂਬੇ ਤੋਂ ਬਾਹਰ ਸ਼ੂਟ ਕਰਨੀਆਂ ਪੈਂਦੀਆਂ ਹਨ। ਜਿਸ ਕਾਰਨ ਜਿਆਦਾ ਖਰਚ ਆ ਜਾਂਦਾ ਹੈ ਅਤੇ ਕਈ ਵਾਰ ਨੁਕਸਾਨ ਵੀ ਝੱਲਣੇ ਪੈਂਦੇ ਹਨ। ਇਸ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਜਿਸ 'ਚ ਮੁੱਖ ਮੰਤਰੀ ਮਾਨ ਨੇ ਪੰਜਾਬ ਵਿੱਚ ਫ਼ਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਸਿਟੀ ਵਿੱਚ ਫ਼ਿਲਮ ਸ਼ੁਰੂਆਤ ਤੋਂ ਲੈ ਕੇ ਅਖੀਰਲੇ ਸ਼ੌਟ ਤੱਕ ਸ਼ੂਟ ਕੀਤੀ ਜਾ ਸਕੇਗੀ। ਮੁੱਖ ਮੰਤਰੀ ਮਾਨ ਨੇ ਇਹ ਐਲਾਨ ਸੋਮਵਾਰ ਨੂੰ ਸੈਰ ਸਪਾਟਾ ਸੰਮੇਲਨ ਤੇ ਟਰੈਵਲ ਮਾਰਟ ਵਿੱਚ ਕੀਤਾ। (Punjab Film City)
ਟਵੀਟ ਕਰ ਦਿੱਤੀ ਜਾਣਕਾਰੀ: ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ‘ਚ ਸ਼ਾਨਦਾਰ ਫ਼ਿਲਮ ਸਿਟੀ ਬਣਾਉਣ ਜਾ ਰਹੇ ਹਾਂ..ਜਿੱਥੇ ਫ਼ਿਲਮ ਦੇ ਸ਼ੁਰੂਆਤ ਤੋਂ ਲੈ ਕੇ ਅਖੀਰਲੇ ਸ਼ੌਟ ਤੱਕ ਇੱਥੇ ਸ਼ੂਟ ਕਰ ਸਕੋਗੇ…ਸੋ ਆਉਣ ਵਾਲੇ ਸਮੇਂ ‘ਚ ਵੱਡੀਆਂ ਤੇ ਨਾਮੀ ਫ਼ਿਲਮਾਂ ਪੰਜਾਬ ‘ਚ ਬਣਨਗੀਆਂ..।
ਪੰਜਾਬੀਆਂ ਦੇ ਲਾਮਿਸਾਲ ਯੋਗਦਾਨ: ਇਸ ਮੌਕੇ ਕਾਮੇਡੀਅਨ ਸੁਨੀਲ ਪੌਲ ਨੇ ਕਿਹਾ ਕਿ ਉਹ ਇਸ ਪਵਿੱਤਰ ਧਰਤੀ ’ਤੇ ਇਸ ਮੁਹਿੰਮ ਦਾ ਹਿੱਸਾ ਬਣ ਕੇ ਖ਼ੁਦ ਨੂੰ ਸੁਭਾਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਪੰਜਾਬੀਆਂ ਦੇ ਲਾਮਿਸਾਲ ਯੋਗਦਾਨ ਨੂੰ ਚੇਤੇ ਕੀਤਾ। ਉਨ੍ਹਾਂ ਪੰਜਾਬ ਨੂੰ ਆਲਮੀ ਸੈਰ-ਸਪਾਟਾ ਸਥਾਨ ਵਜੋਂ ਉਭਾਰਨ ਲਈ ਯਤਨ ਕਰਨ ’ਤੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।
ਪੰਜਾਬ ਟੀਮ ਨੇ ਹੈਦਰਾਬਾਦ ਕੀਤਾ ਸੀ ਦੌਰਾ: ਇਸ ਖਾਸ ਸਮਾਗਮ ਦੌਰਾਨ ਰਾਮੂਜੀ ਫ਼ਿਲਮ ਸਿਟੀ ਦੇ ਮੀਤ ਪ੍ਰਧਾਨ ਈਵੀ ਰਾਓ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਸਮਾਗਮ ਕਰਵਾ ਕੇ ਵਧੀਆ ਪਹਿਲਕਦਮੀ ਕੀਤੀ ਹੈ। ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸੂਬੇ ਦੇ ਇਕ ਉੱਚ ਪੱਧਰੀ ਵਫ਼ਦ ਨੇ ਹੈਦਰਾਬਾਦ ਵਿੱਚ ਇਸ ਸਟੂਡੀਓ ਦਾ ਦੌਰਾ ਕੀਤਾ ਸੀ।
ਮਾਣਮੱਤੇ ਵਿਰਸੇ ਤੇ ਇਤਿਹਾਸ ਦਾ ਪਾਸਾਰ : ਗੌਰਤਲਬ ਹੈ ਕਿ ਸੈਰ-ਸਪਾਟਾ ਖੇਤਰ ਦੇ ਮਾਹਿਰਾਂ ਤੇ ਨਾਮਵਰ ਹਸਤੀਆਂ ਨੇ ਪੰਜਾਬ ਵਿੱਚ ਪਹਿਲੀ ਵਾਰ ‘ਸੈਰ ਸਪਾਟਾ ਸੰਮੇਲਨ ਤੇ ਟਰੈਵਲ ਮਾਰਟ’ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਇੱਥੇ ਸੰਮੇਲਨ ਦੌਰਾਨ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ ਤੇ ਪੰਜਾਬ ਨੂੰ ਕੌਮਾਂਤਰੀ ਸੈਰ-ਸਪਾਟੇ ਦੇ ਨਕਸ਼ੇ ’ਤੇ ਉਭਾਰਨ ਵਿੱਚ ਸਹਾਈ ਸਿੱਧ ਹੋਵੇਗਾ। ਸਰਕਾਰ ਦਾ ਇਹ ਕਦਮ ਨੌਜਵਾਨਾਂ ਵਿੱਚ ਸੂਬੇ ਦੇ ਮਾਣਮੱਤੇ ਵਿਰਸੇ ਤੇ ਇਤਿਹਾਸ ਦਾ ਪਾਸਾਰ ਕਰਨ ਵਿੱਚ ਵੀ ਮਦਦਗਾਰ ਹੋਵੇਗਾ।
ਸੂਬੇ ਨੂੰ ਸੈਰ-ਸਪਾਟਾ ਖੇਤਰ ਵਿੱਚ ਉਭਾਰਨ ਵਿੱਚ ਸਹਾਈ: ਉਥੇ ਹੀ ਉੱਘੇ ਫ਼ਿਲਮਕਾਰ ਬੌਬੀ ਬੇਦੀ ਨੇ ਕਿਹਾ ਕਿ ਮਨੋਰੰਜਨ ਜਗਤ ਨਾਲ ਪੰਜਾਬ ਦਾ ਗੂੜ੍ਹਾ ਨਾਤਾ ਹੈ ਕਿਉਂਕਿ ਨਾਮੀ ਫ਼ਿਲਮਕਾਰ, ਅਦਾਕਾਰ ਤੇ ਹੋਰ ਫ਼ਿਲਮੀ ਹਸਤੀਆਂ ਇਸ ਸੂਬੇ ਵਿੱਚ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭੂਗੋਲਿਕ ਸੁੰਦਰਤਾ ਫ਼ਿਲਮਕਾਰਾਂ ਨੂੰ ਆਕਰਸ਼ਿਤ ਕਰਦੀ ਹੈ, ਇਸ ਕਰਕੇ ਇਹ ਉਪਰਾਲਾ ਸੂਬੇ ਨੂੰ ਸੈਰ-ਸਪਾਟਾ ਖੇਤਰ ਵਿੱਚ ਉਭਾਰਨ ਵਿੱਚ ਸਹਾਈ ਹੋਵੇਗਾ।