ਹੈਦਰਾਬਾਦ ਡੈਸਕ:ਆਪ੍ਰੇਸ਼ਨ ਬਲਿਊ ਸਟਾਰ ਦੀ ਵਰ੍ਹੇਗੰਢ ਮੌਕੇ ਹੀ ਕੌਮੀ ਜਾਂਚ ਏਜੰਸੀ (ਐਨਆਈਏ) NIA ਨੇ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਨੇ ਅੱਜ ਪੰਜਾਬ ਤੇ ਹਰਿਆਣਾ ’ਚ ਖ਼ਾਲਿਸਤਾਨੀ ਸੰਗਠਨ ਨਾਲ ਜੁੜੇ ਵਿਅਕਤੀਆਂ ਦੇ 10 ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਮੰਨਿਆ ਜਾ ਰਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ਦੀ ਵਰ੍ਹੇਗੰਢ ਮੌਕੇ ਹੀ ਸਖਤ ਐਕਸ਼ਨ ਕਰਕੇ ਕੇਂਦਰ ਸਰਕਾਰ ਨੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਖ਼ਾਲਿਸਤਾਨੀਆਂ ਖਿਲਾਫ ਸਖ਼ਤੀ ਵਰਤੀ ਜਾਏਗੀ।
ਸੂਤਰਾਂ ਮੁਤਾਬਕ ਪੰਜਾਬ ’ਚ 9 ਤੇ ਹਰਿਆਣਾ 1 ਥਾਵਾਂ ’ਤੇ ਖ਼ਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਵਿਅਕਤੀਆਂ ਦੇ ਛਾਪੇਮਾਰੀ ਕੀਤੀ ਗਈ। ਐਨਆਈਏ ਨੇ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਪਰ ਚਰਚਾ ਹੈ ਕਿ ਇਹ ਕਾਰਵਾਈ ਖ਼ਾਲਿਸਤਾਨ ਟਾਈਗਰ ਫੋਰਸ ਲਈ ਫੰਡਿੰਗ ਕਰਨ ਵਾਲਿਆਂ ਖਿਲਾਫ ਕੀਤੀ ਗਈ ਹੈ।
ਦੱਸ ਦਈਏ ਕਿ 6 ਜੂਨ 1984 ਦੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਯਾਦ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉੱਥੇ ਹੀ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਹੋਈ। ਇਸ ਦੌਰਾਨ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਦਿੱਤੇ ਅੰਮ੍ਰਿਤਸਰ ਬੰਦ ਦੇ ਸੱਦੇ ਤਹਿਤ ਸ਼ਹਿਰ ਵਿੱਚ ਕਾਰੋਬਾਰ ਤੇ ਵਪਾਰਕ ਅਦਾਰੇ ਬੰਦ ਰਹੇ। ਘੱਲੂਘਾਰਾ ਦਿਵਸ ਦੇ ਸਬੰਧ ਵਿੱਚ ਅੱਜ ਸਵੇਰੇ ਅਕਾਲ ਤਖ਼ਤ ਵਿਖੇ ਆਖੰਡ ਪਾਠ ਦੇ ਭੋਗ ਪਾਏ ਗਏ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੌਮ ਦੇ ਨਾਂਅ ਸੰਦੇਸ਼: ਅੱਜ ਆਪਰੇਸ਼ਨ ਬਲੂ ਸਟਾਰ ਦੀ ਬਰਸੀਂ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੇ ਨਾਂਅ ਸੰਦੇਸ਼ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਸਾਰੇ ਇੱਕਜੁਟ ਹੋ ਜਾਓ। ਉਨ੍ਹਾਂ ਕਿਹਾ ਕਿ ਉਸ ਵੇਲੇ ਦੀ ਭਾਰਤ ਸਰਕਾਰ ਨੇ ਦਿਲਾਂ ਉੱਤੇ ਡੂੰਘੇ ਜਖ਼ਮ ਦਿੱਤੇ ਹਨ, ਜੋ ਨਹੀਂ ਭਰਨੇ ਨਹੀਂ ਹਨ। ਸਰਕਾਰ ਚਾਹੁੰਦੀ ਹੈ ਕਿ ਸਿੱਖ 84 ਭੁੱਲ ਜਾਣ, ਇਹ ਜਖ਼ਮ ਭੁਲਾਏ ਨਹੀਂ ਜਾ ਸਕਦੇ। ਸਰਕਾਰਾਂ ਤੋਂ ਕੋਈ ਉਮੀਦ ਨਹੀਂ ਆਪ ਨੂੰ ਮਜਬੂਤ ਕਰਨ ਦੀ ਜਰੂਰਤ ਹੈ। ਅੱਜ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਦੀ ਲੋੜ ਹੈ। ਮਤਭੇਦ ਤੋਂ ਉਪਰ ਉੱਠਣ ਦੀ ਲੋੜ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਇਕੱਠੇ ਹੋਣ ਦੀ ਲੋੜ ਹੈ। ਸਾਡੀਆਂ ਕੁਝ ਸੰਸਥਾਵਾਂ ਸਰਕਾਰੀ ਹੱਥਾਂ ਵਿੱਚ ਚਲੀਆਂ ਗਈਆਂ ਹਨ। ਸੰਸਥਾਵਾਂ ਨੂੰ ਝੋਲੀ ਅੱਡ ਕੇ ਇਕੱਠੇ ਹੋਣ ਦੀ ਅਪੀਲ ਹੈ। ਸਾਡੀ ਸਿੱਖ ਨੌਜਵਾਨੀ ਨੂੰ ਨਸ਼ਿਆਂ ਵਿੱਚ ਸੁੱਟਿਆ ਜਾ ਰਿਹਾ ਹੈ, ਇਨ੍ਹਾਂ ਨੂੰ ਮੋੜ ਕੇ ਅਕਾਲ ਤਖ਼ਤ ਸਾਹਿਬ ਵੱਲ ਲੈਕੇ ਆਈਏ। 84 ਦਾ ਦੁਖਾਂਤ ਸਾਨੂੰ ਮਜਬੂਤ ਕਰਦਾ ਹੈ, ਜਿੰਨਾਂ ਸਾਨੂੰ ਕੋਈ ਯਾਦ ਕਰਵਾਉਂਦਾ, ਅਸੀਂ ਉੰਨੇ ਹੀ ਮਜਬੂਤ ਹੁੰਦੇ ਜਾ ਰਹੇ ਹਾਂ।
ਲੱਗੇ ਖ਼ਾਲਿਸਤਾਨ ਦੇ ਨਾਅਰੇ: ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਗੁਰਦੁਆਰਾ ਥੜ੍ਹਾ ਸਾਹਿਬ ਨੇੜੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜਿਵੇਂ ਹੀ ਅਖੰਡ ਪਾਠ ਦਾ ਭੋਗ ਪਿਆ ਤਾਂ ਦਲ ਖਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਤੇ ਹੋਰ ਨੌਜਵਾਨ ਸਿੱਖ ਜਥੇਬੰਦੀਆਂ ਵੱਲੋਂ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ ਗਈ।
ਜਥੇਦਾਰ ਨੇ ਹਰਿਮੰਦਰ ਸਾਹਿਬ ਵਿੱਚ ਨਾਅਰੇਬਾਜ਼ੀ ਨਾ ਕਰਨ ਦੀ ਕੀਤੀ ਅਪੀਲ:ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ 18 ਜੁਲਾਈ 2006 ਦੀ ਰਾਇ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਚੁੱਕੇ ਹਨ। ਜਿਸ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਫੈਸਲੇ ਦਾ ਵੇਰਵਾ ਹੈ ਕਿ ਕੋਈ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ ਜ਼ਿੰਦਾਬਾਦ ਜਾਂ ਮੁਰਦਾਬਾਦ ਦੇ ਨਾਅਰੇ ਨਹੀਂ ਲਗਾਏਗਾ।