ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਵਿਸ਼ੇਸ਼ ਇਜਲਾਸ ਦੀ ਹੰਗਾਮੇਦਾਰ ਸ਼ੁਰੂਆਤ ਹੋਈ ਹੈ। ਅਕਾਲੀ ਤੇ ਆਪ ਦੇ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਨਾਅਰੇਬਾਜ਼ੀ ਤੇ ਆਪ ਵੱਲੋਂ ਸਦਨ ਵਿਚੋਂ ਵਾਕਆਊਟ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਦਾ ਵਿਸ਼ੇਸ਼ ਇਜਲਾਸ ਰਾਜਪਾਲ ਦੇ ਭਾਸ਼ਣ ਨਾਲ ਸਮਾਪਤ ਹੋ ਗਿਆ ਅਤੇ ਸਦਨ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਹੈ।
ਪੰਜਾਬ ਵਿਧਾਨ ਸਭਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਦਲ ਨੇ ਵਿਧਾਨ ਸਭਾ ਦੇ ਬਾਹਰ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਅਕਾਲੀ ਦਲ ਦੇ ਵਿਧਾਇਕ ਹੱਥੇ 'ਚ ਖਿਡੌਣੇ ਲੈ ਕੇ ਪਹੁੰਚੇ। ਅਕਾਲੀ ਦਲ ਦੇ ਨਵੇਂ ਪ੍ਰਧਾਨ ਸ਼ਰਨਜੀਤ ਸਿੰਘ ਢਿੱਲੋਂ ਤੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਤਿੰਨ ਸਾਲ ਸਰਕਾਰ ਚਲਾਉਣ ਤੋਂ ਬਾਅਦ ਕਾਂਗਰਸ ਨੇ ਲੋਕਾਂ ਦੇ ਹੱਥਾਂ 'ਚ ਖਿਡੌਣੇ ਦਿੱਤੇ ਹਨ। ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਕੁੱਝ ਵਿਧਾਇਕ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਦਾ ਮਖੌਟਾ ਪਾ ਕੇ ਪਹੁੰਚੇ ਹੋਏ ਸਨ।
ਪੰਜਾਬ ਵਿਧਾਨ ਸਭਾ ਦਾ ਇਸ ਸਾਲ ਦਾ ਪਹਿਲਾ 2 ਦਿਨਾਂ ਵਿਸ਼ੇਸ਼ ਸੈਸ਼ਨ 16 ਜਨਵਰੀ ਤੋਂ ਸ਼ੁਰੂ ਹੋਇਆ। ਰਾਜਪਾਲ ਵੀਪੀ ਸਿੰਘ ਬਦਨੌਰ ਦੇ ਭਾਸ਼ਣ ਨਾਲ ਇਸ ਇਜਲਾਸ ਦੀ ਸ਼ੁਰੂਆਤ ਹੋਈ। ਇਹ ਇਜਲਾਸ ਐਸਸੀ/ਐਸਟੀ ਲਈ ਅਗਲੇ 10 ਸਾਲਾਂ ਲਈ ਰਾਖਵਾਂਕਰਨ ਜਾਰੀ ਰੱਖਣ ਲਈ ਸੱਦਿਆ ਗਿਆ।