ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ 'ਚ ਖਸਖਸ ਦੀ ਖੇਤੀ ਕਰਨ ਦੀ ਆਗਿਆ ਦੇਣ ਦੀ ਗੱਲ ਕਹੀ ਗਈ ਹੈ। ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਿੰਦਰ ਸਿੰਘ ਨੇ ਕਿਹਾ ਕਿ ਖਸਖਸ ਦੀ ਖੇਤੀ ਕਰਨ ਦੀ ਆਗਿਆ ਦੇਣ ਨਾਲ ਪੰਜਾਬ ਦੇ ਕਿਸਾਨ ਨੂੰ ਬਚਾਇਆ ਜਾ ਸਕਦਾ।
ਖਸਖਸ ਦੀ ਖੇਤੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਤੇ ਅਕਾਲੀ ਦਲ ਆਮੋ ਸਾਹਮਣੇ ਹਰਿੰਦਰ ਸਿੰਘ ਨੇ ਕਿਹਾ ਕਿ ਬਾਕੀ ਸੂਬਿਆਂ ਵਾਂਗ ਪੰਜਾਬ ਦੇ ਵਿੱਚ ਵੀ ਖਸਖਸ ਦੀ ਖੇਤੀ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਨੂੰ ਵੀ ਬਚਾਇਆ ਜਾ ਸਕਦਾ ਹੈ ਅਤੇ ਸੰਥੈਟਿਕ ਨਸ਼ੇ ਨੂੰ ਵੀ ਸੂਬੇ 'ਚੋਂ ਦੂਰ ਕੀਤਾ ਜਾ ਸਕਦਾ।
ਉੱਥੇ ਹੀ ਖਸਖਸ ਦੀ ਖੇਤੀ ਦੀ ਮੰਗ ਵਿਰੁੱਧ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਨਸ਼ੇ ਦੀ ਖੇਤੀ ਹੋਵੇ। ਉਨ੍ਹਾਂ ਕਿਹਾ ਜਿਹੜੇ ਲੋਕ ਇਸ ਖਸਖਸ ਦੀ ਖੇਤੀ ਦੀ ਮੰਗ ਕਰ ਰਹੇ ਹਨ, ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਸੂਬਿਆਂ ਦੀ ਰਿਪੋਰਟਾਂ ਦੇਖ ਲੈਣੀਆਂ ਚਾਹੀਦੀਆਂ ਹਨ, ਜਿੱਥੇ ਇਹ ਖੇਤੀ ਹੁੰਦੀ ਹੈ। ਚੀਮਾ ਨੇ ਕਿਹਾ ਖਸਖਸ ਖੇਤੀ ਕਰਨ ਵਾਲੇ ਮੱਧ ਪ੍ਰਦੇਸ਼ ਸੂਬੇ ਵਿੱਚ ਕਿਸਾਨ ਦੀ ਜੂਨ ਬਹੁਤ ਮਾੜੀ ਹੈ।
ਇਹ ਵੀ ਪੜੋ:ਪਾਕਿ: ਸਿੱਖ ਸ਼ਰਧਾਲੂਆਂ ਨਾਲ ਭਰੀ ਬੱਸ ਦੀ ਟ੍ਰੇਨ ਨਾਲ ਟੱਕਰ, 29 ਦੀ ਮੌਤ
ਦੱਸ ਦੇਈਏ ਕਿ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ਸੂਬੇ ਦੇ ਵਿੱਚ ਖਸਖਸ ਦੀ ਖੇਤੀ ਦੀ ਮੰਗ ਕਰ ਚੁੱਕੇ ਹਨ, ਤੇ ਹੁਣ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੀ ਖੇਤੀ ਨੂੰ ਬਚਾਉਣ ਦੇ ਲਈ ਖਸਖਸ ਦੀ ਖੇਤੀ ਦੀ ਆਗਿਆ ਦੇਣ ਦੀ ਮੰਗ ਕਰ ਰਹੀ ਹੈ, ਜਿਸ ਦਾ ਅਕਾਲੀ ਦਲ ਵਿਰੋਧ ਕਰ ਰਿਹਾ।