ਚੰਡੀਗੜ:ਇਕ ਪਾਸੇ ਜਿਥੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਤੋਂ ਗੱਠਜੋੜ ਦੀਆਂ ਚਰਚਾਵਾਂ ਮੁੜ ਤੋਂ ਸ਼ੁਰੂ ਹੋ ਗਈਆਂ ਹਨ ਉਥੇ ਈ ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਹਨਾਂ ਤਮਾਮ ਚਰਚਾਵਾਂ ਅਤੇ ਸੰਭਾਵਨਾਵਾਂ ਨੂੰ ਖ਼ਤਮ ਕਰ ਦਿੱਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਿਸੇ ਵੀ ਕੀਮਤ 'ਤੇ ਪੰਜਾਬ ਵਿਚ ਅਕਾਲੀ ਅਤੇ ਭਾਜਪਾ ਦਾ ਮੁੜ ਤੋਂ ਗੱਠਜੋੜ ਨਹੀਂ ਹੋ ਸਕਦਾ।
ਅਕਾਲੀ ਭਾਜਪਾ ਗੱਠਜੋੜ ਨਹੀਂ ਹੋਵੇਗਾ:ਸ਼੍ਰੋਮਣੀ ਅਕਾਲੀ ਦਲ ਨਾਲ਼ੋਂ ਗੱਠਜੋੜ ਤੋਂ ਸਾਫ਼ ਇਨਕਾਰ ਕਰਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਪ੍ਰਧਾਨ ਮੰਤਰੀ ਦਾ ਲੇਖ ਲਿਖਣਾ ਜਾਂ ਪ੍ਰਧਾਨ ਮੰਤਰੀ ਸਮੇਤ ਸਮੁੱਚੀ ਲੀਡਰਸ਼ਿਪ ਦਾ ਸ਼ਰਧਾਂਜਲੀ ਦੇਣ ਲਈ ਪੰਜਾਬ ਪੁੱਜਣ ਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ। ਇਹ ਸਿਰਫ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਤੋ ਇਲਾਵਾ ਕੁਝ ਵੀ ਨਹੀ ਹੈ। ਉਹਨਾਂ ਕਿਹਾ ਕਿ ਭਾਜਪਾ ਪਿੰਡਾਂ ਵਿੱਚ ਛਾ ਰਹੀ ਹੈ ਅਤੇ ਸਾਨੂੰ ਪਿੰਡਾਂ ਵਿੱਚ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ, ਜਿਸ ਤੋਂ ਅਸੀ ਬਹੁਤ ਜਿਆਦਾ ਖੁਸ਼ ਅਤੇ ਹੈਰਾਨ ਵੀ ਹਾਂ।
ਇਹ ਵੀ ਪੜ੍ਹੋ :ਅੱਠਵੀਂ 'ਚ ਅੱਵਲ ਰਹੀਆਂ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਦੇਵੇਗੀ ਇਨਾਮ, ਸੀਐੱਮ ਮਾਨ ਨੇ ਕੀਤਾ ਐਲਾਨ
ਭਾਜਪਾ ਇਕੱਲਿਆਂ ਹੀ ਚੋਣ ਲੜੇਗੀ:ਉਹਨਾਂ ਕਿਹਾ ਕਿ ਆਉਣ ਵਾਲ਼ੀਆਂ ਸਥਾਨਿਕ 'ਤੇ ਲੋਕਾਂ ਸਭਾ ਚੋਣਾਂ ਭਾਜਪਾ ਇਕੱਲਿਆਂ ਹੀ ਲੜੇਗੀ। ਉਹਨਾਂ ਕਿਹਾ ਕਿ ਪੰਜਾਬੀਆ ਨੇ ਦੂਸਰੀਆਂ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਕੇ ਦੇਖ ਲਿਆ ਹੈ। ਇਹਨਾਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਤੇ ਇਹ ਗੱਲ ਪੰਜਾਬੀ ਵੀ ਸਮਝ ਚੁੱਕੇ ਹਨ ਕਿ ਸਿਰਫ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਪੰਜਾਬ ਵਿੱਚ ਅਮਨ ਸ਼ਾਂਤੀ, ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੀ ਹੋਈ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਹੈ। ਉਹਨਾਂ ਕਿਹਾ ਕਿ ਭਾਜਪਾ ਜੋ ਕਹਿੰਦੀ ਹੈ ਉਹੀ ਕਰਦੀ ਹੈ। ਉਹਨਾਂ ਕਿਹਾ ਕਿ ਭਾਜਪਾ ਪੰਜਾਬੀਆਂ ਦੇ ਸਾਰੇ ਸੁਪਨੇ ਪੂਰੇ ਕਰੇਗੀ ਤੇ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਭਗਵੰਤ ਮਾਨ ਸਰਕਾਰ ਤੋ ਦੁਖੀ ਹੈ ਤੇ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਭਾਜਪਾ ਨੂੰ ਵੋਟ ਦੇਵੇਗਾ।
ਮੁੜ ਤੋਂ ਗੱਠਜੋੜ ਦੀਆਂ ਚੱਲ ਰਹੀਆਂ ਚਰਚਾਵਾਂ:ਦੱਸ ਦਈਏ ਜਿਸ ਤਰ੍ਹਾਂ ਰਾਸ਼ਟਰੀ ਪੱਧਰ 'ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਟੀਕਲ ਲਿਖ ਕੇ ਪ੍ਰਕਾਸ਼ ਸਿੰਘ ਬਾਦਲ ਲਈ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਉਸ ਤੇ ਕਈ ਤਰ੍ਹਾਂ ਦੀਆਂ ਸਿਆਸੀ ਕਿਆਸ ਅਰਾਈਆਂ ਲੱਗ ਰਹੀਆਂ ਸਨ ਅਤੇ ਮੁੜ ਇਸ ਗੱਠਜੋੜ ਦੇ ਸੁਰਜੀਤ ਹੋਣ ਦੀਆਂ ਗੱਲਾਂ ਚੱਲ ਰਹੀਆਂ ਹਨ ਜਿਹਨਾਂ 'ਤੇ ਅਸ਼ਵਨੀ ਸ਼ਰਮਾ ਨੇ ਸਾਫ਼ ਇਨਕਾਰ ਕੀਤਾ ਹੈ।