ਚੰਡੀਗੜ੍ਹ:ਪੰਜਾਬ ਦੇ ਹੁਸ਼ਿਆਰਪੁਰ, ਆਨੰਦਪੁਰ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿੱਚ ਭਾਖੜਾ ਦਾ ਪਾਣੀ ਤਬਾਹੀ ਮਚਾ ਰਿਹਾ ਹੈ। ਭਾਖੜਾ ਦੇ ਫਲੱਡ ਗੇਟ ਖੋਲੇ ਜਾਣ ਕਾਰਨ ਕਈ ਪਿੰਡਾਂ ਵਿੱਚ ਗੋਡੇ ਗੋਡੇ ਪਾਣੀ ਭਰ ਗਿਆ ਹੈ। ਅਗਲੇ 4-5 ਦਿਨ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ ਕਿਉਂਕਿ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਭਾਖੜਾ ਦੇ ਫਲੱਡ ਗੇਟ 4-5 ਦਿਨ ਹੋਰ ਖੁੱਲੇ ਰਹਿਣਗੇ। ਬੀਬੀਐੱਮਬੀ ਦੇ ਉੱਚ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਭਾਖੜਾ ਵਿੱਚ ਪਾਣੀ ਦਾ ਪੱਧਰ 1677 ਫੁੱਟ ਤੱਕ ਪੁੱਜ ਗਿਆ ਹੈ।
ਪੰਜਾਬ ਦੇ ਕਈ ਪਿੰਡਾਂ 'ਚ ਭਾਖੜਾ ਦੇ ਪਾਣੀ ਦੀ ਤਬਾਹੀ, 5 ਦਿਨ ਹੋਰ ਖੁੱਲੇ ਰਹਿਣਗੇ ਭਾਖੜਾ ਦੇ ਫਲੱਡ ਗੇਟ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਖੜਾ ਦਾ ਪਾਣੀ ਵੜਨ ਕਾਰਨ ਹਾਲਾਤਾ ਵਿਗੜ ਰਹੇ ਹਨ। ਚੰਡੀਗੜ੍ਹ ਵਿੱਚ ਬੀਬੀਐੱਮਬੀ ਦੇ ਅਧਿਕਾਰੀਆਂ ਨੇ ਸਾਰੀ ਸਥਿਤੀ ਸਬੰਧੀ ਜਾਣਕਾਰੀ ਦਿੱਤੀ ਹੈ।
ਭਾਖੜਾ ਵਿਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ :ਅਧਿਕਾਰੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪਾਣੀ ਨੂੰ ਨਿਯੰਤਰਣ ਦੀ ਸਥਿਤੀ ਵਿੱਚ ਛੱਡਿਆ ਗਿਆ ਹੈ। ਫਲੱਡ ਗੇਟ ਖੋਲਣ ਤੋਂ ਪਹਿਲਾਂ ਸਾਰੀ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ। ਭਾਖੜਾ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। 14 ਤਰੀਕ ਤੱਕ ਭਾਖੜਾ ਵਿੱਚ ਇੱਕ ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਆਇਆ ਹੈ ਇਸ ਵਿਚੋਂ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਇਸਦੇ ਨਾਲ ਹੀ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1392 ਫੁੱਟ ਤੱਕ ਪਹੁੰਚ ਗਿਆ। ਭਾਖੜਾ ਵਿੱਚ ਪਾਣੀ ਦੀ ਮੌਜੂਦਾ ਸਥਿਤੀ 1676 ਫੁੱਟ ਕਿਊਸਿਕ ਹੈ ਜਿਸ ਵਿਚੋਂ 80 ਹਜ਼ਾਰ ਕਿਊਸਿਕ ਫੁੱਟ ਪਾਣੀ ਹੋਰ ਛੱਡਿਆ ਜਾ ਰਿਹਾ ਹੈ।
ਪੰਜਾਬ ਸਰਕਾਰ ਨੂੰ ਜਾਰੀ ਕੀਤਾ ਗਿਆ ਅਲਰਟ :ਬੀਬੀਐੱਮਬੀ ਅਥਾਰਿਟੀ ਵੱਲੋਂ ਦੱਸਿਆ ਗਿਆ ਹੈ ਕਿ ਫਲੱਡ ਗੇਟ ਖੋਲਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਅਲਰਟ ਜਾਰੀ ਕੀਤਾ ਗਿਆ ਸੀ। ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ ਅਤੇ ਹੋਰ ਜਿਹੜੇ ਵੀ ਸ਼ਹਿਰ ਇਸ ਰੂਟ ਵਿਚ ਆਉਂਦੇ ਹਨ। ਉਹਨਾਂ ਲਈ 24 ਘੰਟੇ ਦਾ ਅਲਰਟ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਗਈ ਹੈ। ਹੁਣ ਤੱਕ ਭਾਖੜਾ ਵਿੱਚ ਪਾਣੀ ਦੀ ਮਾਤਰਾ 76898 ਕਿਊਸਿਕ ਦਰਜ ਕੀਤੀ ਗਈ। ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 83703 ਕਿਊਸਿਕ ਪਾਣੀ ਛੱਡਿਆ ਗਿਆ ਹੈ।
ਹੋਰ ਡੈਮਾਂ ਵਿਚ ਛੱਡਿਆ ਗਿਆ ਪਾਣੀ :ਭਾਖੜਾ ਤੋਂ ਇਲਾਵਾ ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ ਪਾਣੀ ਛੱਡਿਆ ਗਿਆ। ਆਨੰਦਪੁਰ ਸਾਹਿਬ ਹਾਈਡਲ ਵਿੱਚ 10150 ਕਿਊਸਿਕ ਪਾਣੀ, ਸਤਲੁਜ ਦਰਿਆ ਵਿਚ 47400 ਕਿਊਸਿਕ ਪਾਣੀ ਛੱਡਿਆ ਗਿਆ। ਜਿਸਤੋਂ ਬਾਅਦ ਵੀ ਭਾਖੜਾ ਵਿੱਚ ਪਾਣੀ ਦਾ ਵਿਚ ਖ਼ਤਰੇ ਦੇ ਨਿਸ਼ਾਨ ਦਾ ਪੱਧਰ ਮਾਮੂਲੀ ਹੀ ਘੱਟ ਹੋਇਆ। ਪਿੰਡਾਂ ਵਿੱਚ ਪਹੁੰਚੇ ਪਾਣੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਦਿੱਤਾ ਜੇਕਰ 5 ਦਿਨ ਫਲੱਡ ਗੇਟ ਇਸੇ ਤਰ੍ਹਾਂ ਖੁੱਲੇ ਰਹਿੰਦੇ ਹਨ ਤਾਂ ਪੰਜਾਬ ਦੇ ਹੋਰ ਖੇਤਰਾਂ ਵਿੱਚ ਵੀ ਨੁਕਸਾਨ ਵੱਧਣ ਦੀ ਸੰਭਾਵਨਾ ਹੈ।