ਚੰਡੀਗੜ੍ਹ: ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਅਤੇ ਰੋਚਕ ਬਣਾਉਣ ਲਈ ਪੰਜਾਬ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਇਸੇ ਮੰਤਵ ਦੇ ਤਹਿਤ ਹੁਣ ਪ੍ਰਿੰਸਪਲਾਂ ਦਾ ਚੌਥਾ ਬੈਚ ਸਿੰਗਾਪੁਰ ਵਿਖੇ ਟ੍ਰੇਨਿੰਗ ਹਾਸਿਲ ਕਰਨ ਲਈ ਜਾਵੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖੁੱਦ 22 ਜੁਲਾਈ ਨੂੰ 72 ਸਕੂਲ ਪ੍ਰਿੰਸੀਪਲਾਂ ਨੂੰ ਟਰੇਨਿੰਗ ਲਈ ਸਿੰਘਾਪੁਰ ਭੇਜਣ ਲਈ ਰਵਾਨਾ ਕਰਨਗੇ। ਮੁੱਖ ਮੰਤਰੀ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲਾਂ ਦੇ ਤੀਜੇ ਅਤੇ ਚੌਥੇ ਬੈਚ ਨੂੰ ਸਿੰਗਾਪੁਰ ਦੀ ਪ੍ਰਿੰਸੀਪਲਜ਼ ਅਕੈਡਮੀ ਵਿਖੇ ਟਰੇਨਿੰਗ ਹਾਸਲ ਕਰਨ ਲਈ 22 ਜੁਲਾਈ 2023 ਨੂੰ ਰਵਾਨਾ ਕਰਨਗੇ।
ਸਿੱਖਿਆ ਸਿਸਟਮ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਪੱਧਰੀ ਟ੍ਰੇਨਿਗ: ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ 66 ਪ੍ਰਿੰਸੀਪਲ ਪਹਿਲਾਂ ਹੀ 2 ਬੈਚਾਂ ਵਿੱਚ ਇਹ ਟਰੇਨਿੰਗ ਹਾਸਲ ਕਰ ਚੁੱਕੇ ਹਨ ਅਤੇ ਹੁਣ ਤੀਸਰੇ ਅਤੇ ਚੌਥੇ ਬੈਚ ਦੇ 72 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿਖੇ ਟਰੇਨਿੰਗ ਹਾਸਲ ਕਰਨ ਲਈ ਭੇਜਿਆ ਜਾ ਰਿਹਾ ਹੈ। ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲ ਸਿੱਖਿਆ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿੰਨ੍ਹਾਂ ਵਿੱਚੋਂ ਇੱਕ ਪ੍ਰਿੰਸੀਪਲਾਂ ਨੂੰ ਦੁਨੀਆਂ ਦੀ ਨਾਮੀ ਸੰਸਥਾ ਤੋਂ ਟਰੇਨਿੰਗ ਦਿਵਾਉਣ ਵੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਬੈਚ ਸਿੰਗਾਪੁਰ ਜਾ ਚੁੱਕੇ ਹਨ ਅਤੇ ਭਵਿੱਖ ਵਿੱਚ ਦੋ ਬੈਚ ਹੋਰ ਭੇਜਣ ਦੀ ਵੀ ਤਜਵੀਜ਼ ਹੈ।
"ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ ਦੇ ਨਿਰਦੇਸ਼ਾ ਅਨੁਸਾਰ ਸੂਬੇ ਦੇ 72 ਸਕੂਲ ਪ੍ਰਿੰਸੀਪਲਾਂ ਦਾ ਤੀਜਾ ਅਤੇ ਚੌਥਾ ਬੈਂਚ 22 ਜੁਲਾਈ 2023 ਨੂੰ ਸਿੰਘਾਪੁਰ ਦੀ ਵਿਸ਼ਵ ਪ੍ਰਸਿੱਧ 'ਪ੍ਰਿੰਸੀਪਲਜ ਅਕੈਡਮੀ' ਵਿਖੇ ਟ੍ਰੇਨਿੰਗ ਲਈ ਜਾ ਰਿਹਾ ਹੈ। ਸਾਰਿਆਂ ਨੂੰ ਸ਼ੁਭਕਾਮਨਾਵਾਂ। ਮਾਣਯੋਗ ਮੁੱਖ ਮੰਤਰੀ ਸਾਹਿਬ ਇਹਨਾਂ ਸਾਰਿਆਂ ਨੂੰ ਆਪਣੇ ਕਰ ਕਮਲਾਂ ਨਾਲ 22 ਜੁਲਾਈ ਨੂੰ ਸਵੇਰੇ ਚੰਡੀਗੜ੍ਹ ਤੋਂ ਰਵਾਨਾ ਕਰਨਗੇ।..ਹਰੋਜਤ ਬੈਂਸ ,ਸਿੱਖਿਆ ਮੰਤਰੀ"
ਦੱਸ ਦਈਏ ਇਸ ਤੋਂ ਪਹਿਲਾਂ ਸੀਐੱਮ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰ ਲਿਆਉਣ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 22 ਜੁਲਾਈ ਨੂੰ ਸਕੂਲ ਪ੍ਰਿੰਸੀਪਲਾਂ ਦੇ ਦੋ ਗਰੁੱਪਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ ਤਾਂ ਜੋ ਉਹ ਉੱਥੋਂ ਦੀ ਸਿੱਖਿਆ ਪ੍ਰਣਾਲੀ ਨੂੰ ਦੇਖ ਕੇ ਨਵਾਂ ਅਨੁਭਵ ਲੈ ਸਕਣ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੁਝ ਅਧਿਆਪਕਾਂ ਨੂੰ ਇਸੇ ਤਰ੍ਹਾਂ ਦੀ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਸੀ ਅਤੇ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਧਿਆਪਕ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਭਰ ਵਿੱਚ ਪ੍ਰਚਲਿਤ ਉੱਨਤ ਅਭਿਆਸ ਬਾਰੇ ਜਾਣ ਸਕਣ ਅਤੇ ਉਸ ਮੁਹਾਰਤ ਨੂੰ ਸੂਬੇ ਦੇ ਵਿਦਿਆਰਥੀਆਂ ਨਾਲ ਸਾਂਝਾ ਕਰ ਸਕਣ। ਸੀਐੱਮ ਮਾਨ ਨੇ ਕਿਹਾ ਕਿ ਸੂਬੇ ਦੀ 70 ਸਾਲ ਤੋਂ ਵੱਧ ਪੁਰਾਣੀ ਚੱਲੀ ਆ ਰਹੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਪੱਧਰ ਉੱਤੇ ਸੁਧਾਰ ਲਿਆਉਣ ਲਈ ਉਨ੍ਹਾਂ ਦੀ ਸਰਕਾਰ ਸਿੱਖਿਆ ਖੇਤਰ ਦੀ ਕਾਇਆ ਕਲਪ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਅਤੇ ਮਨੁੱਖੀ ਵਸੀਲਿਆਂ ਦੇ ਵਿਕਾਸ ਉੱਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ।