ਚੰਡੀਗੜ੍ਹ: ਕੋਰੋਨਾ ਸਬੰਧੀ ਜਾਅਲੀ ਖ਼ਬਰਾਂ ਤੇ ਵੀਡੀਓਜ਼ ਫੈਲਾਉਣ ਨੂੰ ਲੈ ਕੇ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿਤਾਵਨੀ ਦਿੱਤੀ, ਜਿਸ ਤੋਂ ਬਾਅਦ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਨੂੰ ਟਵੀਟ ਕਰ ਜਵਾਬ ਦਿੰਦਿਆ ਕਿਹਾ ਕਿ ਕੈਪਟਨ ਜੀ ਚੁਣੇ ਹੋਏ ਮੁੱਖ ਮੰਤਰੀ ਲਈ ਇਹ ਬੇਤੁਕੀਆਂ ਗੱਲਾਂ ਨਾ ਕਰੋ।
ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਕਿ 'ਮੁੱਖ ਮੰਤਰੀ ਕੈਪਟਨ ਜੀ ਤੁਸੀ ਕਿਹਾ ਕੇਜਰੀਵਾਲ ਜੀ ਦੇਸ਼ ਧ੍ਰੋਹੀ ਹਨ। ਦੇਸ਼ ਵਿਰੋਧੀਆਂ ਨਾਲ ਮਿਲਕੇ ਪੰਜਾਬ 'ਚ ਕੋਈ ਅਫਵਾਹਾਂ ਫੈਲਾ ਰਹੇ ਹਨ। ਕੈਪਟਨ ਜੀ ਚੁਣੇ ਹੋਏ ਮੁੱਖ ਮੰਤਰੀ ਲਈ ਇਹ ਬੇਤੁਕੀਆਂ ਗੱਲਾਂ ਨਾ ਕਰੋ। ਤੁਹਾਡੇ ਵਿਦੇਸ਼ੀ ਮਹਿਮਾਨ ਸਰਕਾਰੀ ਸਹੂਲਤਾਂ ਦਾ ਅਨੰਦ ਮਾਣਦੇ ਹਨ ਅਤੇ ਸਰਕਾਰ ਦੇ ਕੰਮਾਂ 'ਚ ਦਖਲਅੰਦਾਜ਼ੀ ਕਰਦੇ ਹਨ। ਸਾਰਾ "ਆਲਮ" ਜਾਣਦੈ"'
ਜ਼ਿਕਰਯੋਗ ਹੈ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪਿੰਡਾਂ 'ਚ ਵਸਦੇ ਲੋਕਾਂ ਨੂੰ ਭੜਕਾਊਣ ਲਈ ਜਾਅਲੀ ਖ਼ਬਰਾਂ ਤੇ ਵੀਡੀਓਜ਼ ਫੈਲਾ ਕੇ ਕੋਰੋਨਾ ਸੰਕਟ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ ਨਾ ਕਰੇ।
ਦੱਸ ਦੇਈਏ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਅਮਰਿੰਦਰ ਸਿੰਘ ਨੂੰ ਇੱਕ ਅਜਿਹੇ ਹੀ ਮਾਮਲੇ ਵਿੱਚ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮ੍ਰਿਤਕ ਕੋਰੋਨਾ ਮਰੀਜ਼ਾਂ ਦੇ ਅੰਗ ਕੱਢੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਪ ਵਰਕਰ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਵਿੱਚ ਆਮ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਨਾ ਕਰਨ ਲਈ ਭੜਕਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਐਲਾਨ, ਜਿਸ ਵਿੱਚ ਉਹ ਆਪ ਵਰਕਰਾਂ ਨੂੰ ਪੰਜਾਬ ਭਰ ਵਿੱਚ ਲੋਕਾਂ ਦੇ ਆਕਸੀਜਨ ਲੈਵਲ ਚੈੱਕ ਕਰਨ ਲਈ ਕਹਿ ਰਹੇ ਹਨ, ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਨੀਵਾਂ ਵਿਖਾਉਣ ਦੀ ਸਾਜ਼ਿਸ਼ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਸਵਾਲ ਖੜੇ ਕਰ ਦਿੱਤੇ ਹਨ।