ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਨਾਗਰਿਕਤਾ ਸੋਧ ਬਿਲ 'ਚ ਮੁਸਲਿਮ ਭਾਈਚਾਰੇ ਬਾਰੇ ਬਿਆਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਸੁਖਬੀਰ ਸਿੰਘ ਬਾਦਲ ਅਤੇ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਤਿੱਖਾ ਹਮਲਾ ਬੋਲਿਆ ਹੈ।
CAB ਦੇ ਹੱਕ 'ਚ ਵੋਟ ਪਾਉਣ ਵੇਲੇ ਬਾਦਲ ਜੋੜੇ ਨੂੰ ਕਿਉਂ ਨਹੀਂ ਯਾਦ ਆਇਆ ਮੁਸਲਿਮ ਭਾਈਚਾਰਾ: ਭਗਵੰਤ ਮਾਨ - Citizenship Amendment Bill latest news
ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਿਤ ਹੁੰਦਿਆਂ ਕਿਹਾ, ''ਹੁਣ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਬਾਦਲਾਂ ਦੀ ਦੋਗਲੀ ਨੀਤੀ ਨਹੀਂ ਚੱਲਣ ਦਿਆਂਗਾ। ਪੰਜਾਬ 'ਚ ਕੀ ਬੋਲਦੇ ਹੋ ਅਤੇ ਕੀ ਕਰਦੇ ਹੋ ਉਸ ਦਾ ਭਾਂਡਾ ਪਾਰਲੀਮੈਂਟ 'ਚ ਭੰਨਾਂਗਾ ਅਤੇ ਦਿੱਲੀ ਜਾ ਪਾਰਲੀਮੈਂਟ 'ਚ ਕੀ ਕਹਿੰਦੇ ਅਤੇ ਕੀ ਕਰਦੇ ਹੋ, ਉਸ ਦੀਆਂ ਸਾਰੀਆਂ ਦੋਗਲੀਆਂ ਪਰਤਾਂ ਪੰਜਾਬ ਦੇ ਲੋਕਾਂ 'ਚ ਉਧੇੜਾਂਗਾ।
ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਨਾਗਰਿਕਤਾ ਸੋਧ ਕਾਨੂੰਨ 'ਚ ਹੁਣ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਕੋਈ ਮਾਇਨੇ ਨਹੀਂ ਰੱਖਦੀ, ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਬਤੌਰ ਸੰਸਦ ਮੈਂਬਰ ਇਸ ਕਾਲੇ ਅਤੇ ਫ਼ਿਰਕੂ ਕਾਨੂੰਨ ਦੇ ਹੱਕ 'ਚ ਡਟ ਕੇ ਵੋਟ ਪਾਈ ਹੈ। ਮਾਨ ਨੇ ਕਿਹਾ ਕਿ ਪਾਰਲੀਮੈਂਟ ਅੰਦਰ ਮੈਂ ਉਸ ਮਨਹੂਸ ਘੜੀ ਦਾ ਗਵਾਹ ਹਾਂ ਜਦ ਬਾਦਲ ਜੋੜੇ ਨੇ ਉਸ ਨਾਗਰਿਕਤਾ ਸੋਧ ਬਿਲ ਦੇ ਹੱਕ 'ਚ ਵੋਟ ਪਾਈ ਜਿਸ ਨੂੰ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਫ਼ਿਰਕੂ ਭਾਵਨਾ ਤਹਿਤ ਕਾਨੂੰਨੀ ਮਾਨਤਾ ਦਿੱਤੀ ਗਈ ਅਤੇ ਇਸ 'ਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਲੋਕ ਸਭਾ ਅਤੇ ਰਾਜ ਸਭਾ ਵਿਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਨਾਗਰਿਕਤਾ ਸੋਧ ਬਿਲ ਦੇ ਹੱਕ 'ਚ ਵੋਟ ਪਾਉਣ ਸਮੇਂ ਮੁਸਲਿਮ ਭਾਈਚਾਰੇ ਦੀ ਥਾਂ ਸਿਰਫ਼ ਅਤੇ ਸਿਰਫ਼ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਹੀ ਯਾਦ ਸੀ। ਮੁਸਲਿਮ ਭਾਈਚਾਰੇ ਨੂੰ ਇਸ ਕਾਨੂੰਨ ਦਾ ਹਿੱਸਾ ਬਣਾਉਣ ਦੀ ਮੰਗ ਉੱਤੇ ਜੇਕਰ ਬਾਦਲ ਵੋਟ ਵਿਰੁੱਧ ਪਾਉਂਦੇ ਤਾਂ ਮੋਦੀ ਦੇ ਮੰਤਰੀ ਮੰਡਲ 'ਚ 'ਨੰਨ੍ਹੀ ਛਾਂ' ਦੀ ਕੁਰਸੀ ਖੁੱਸ ਜਾਣੀ ਸੀ। ਅਸਲੀ ਤਾਕਤ ਵੋਟ ਸੀ, ਜਿਸ ਨੂੰ ਬਾਦਲ ਜੋੜੇ ਨੇ ਮੁਸਲਿਮ ਭਾਈਚਾਰੇ ਦੇ ਵਿਰੁੱਧ ਵਰਤਿਆ, ਇਸ ਲਈ ਹੁਣ ਬਿਆਨਬਾਜ਼ੀ ਰਾਹੀਂ ਮਗਰਮੱਛ ਦੇ ਹੰਝੂ ਵਹਾ ਕੇ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ।