ਪੰਜਾਬ

punjab

ETV Bharat / state

ਕੈਪਟਨ ਸਰਕਾਰ ਦੀ ਕਿਸਾਨ ਕਰਜ਼ ਮਾਫ਼ੀ ਯੋਜਨਾ ਅਸਫ਼ਲ ਸਾਬਤ ਹੋਈ : ਭਗਵੰਤ ਮਾਨ - ਭਗਵੰਤ ਮਾਨ

ਚੰਡੀਗੜ੍ਹ : ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਕਰਵਾਏ ਜਾ ਰਹੇ ਕਰਜ਼ ਮਾਫ਼ੀ ਪ੍ਰਮਾਣ ਪੱਤਰ ਵੰਡ ਸਮਾਗਮ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਨਿਥੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਜਨਤਾ ਦੇ ਪੈਸਿਆਂ ਨਾਲ ਅਜਿਹੇ ਸਮਾਗਮ ਕਰਵਾ ਕੇ ਕਿਸਾਨਾਂ ਦੀ ਮੌਤ ‘ਤੇ ਜਸ਼ਨ ਮਨਾ ਰਹੀ ਹੈ।

ਭਗਵੰਤ ਮਾਨ ਨੇ ਕੈਪਟਨ ਸਰਕਾਰ ਦੀ ਕੀਤੀ ਨਿਖੇਧੀ

By

Published : Feb 4, 2019, 8:00 PM IST

ਭਗਵੰਤ ਮਾਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਕਿਸਾਨ ਕਰਜ਼ਾ ਮਾਫ਼ੀ ਯੋਜਨਾ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕਰਜ਼ ਮਾਫ਼ੀ ਪ੍ਰਮਾਣ ਪੱਤਰ ਵੰਡ ਸਮਾਗਮ ਵਿੱਚ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਬਠਿੰਡਾ ਵਿੱਚ ਕਰਵਾਏ ਗਏ ਸਮਾਗਮ ਵਿਚ 11 ਲੱਖ ਰੁਪਏ ਖ਼ਰਚੇ ਦੀ ਗੱਲ ਸਾਹਮਣੇ ਆਈ ਹੈ, ਜਿੱਥੇ 11 ਹਜ਼ਾਰ ਲੋਕਾਂ ਲਈ ਨਾਸ਼ਤਾ, ਪਾਣੀ ਅਤੇ ਬੂਲਟ ਪਰੂਫ਼ ਟੈਂਟ ਦਾ ਪ੍ਰਬੰਧ ਜਨਤਾ ਦੇ ਪੈਸਿਆਂ ਨਾਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹਜ਼ਾਰਾਂ ਪੁਲਿਸ ਕਰਮਚਾਰੀਆਂ ਦੀ ਡਿਊਟੀ ਦਾ ਪ੍ਰਬੰਧ ਵੱਖ-ਵੱਖ ਥਾਵਾਂ ‘ਤੇ ਕੀਤਾ ਗਿਆ। ਇਸੇ ਤਰ੍ਹਾਂ ਪੈਸਿਆਂ ਦੀ ਬਰਬਾਦੀ ਹੋਰ ਥਾਵਾਂ ‘ਤੇ ਕਰਵਾਏ ਗਏ ਸਮਾਗਮਾਂ ਵਿਚ ਕੀਤੀ ਗਈ ਹੈ।
ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਕੈਪਟਨ ਸਰਕਾਰ ਨੇ ਕਰਜ਼ ਮਾਫ਼ੀ ਦੇ ਸਬੰਧ ਵਿੱਚ ਕਰਵਾਏ ਇੱਕ ਸਮਾਗਮ ਵਿੱਚ ਪੰਜਾਬ ਦੇ ਇੱਕ ਪ੍ਰਸਿੱਧ ਕਲਾਕਾਰ ਨੂੰ ਸੱਦਾ ਦੇ ਕੇ ਪੰਜਾਬ ਦੀ ਜਨਤਾ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ ਹੁਣ ਤੱਕ ਲਗਭਗ 430 ਕਿਸਾਨ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਨ ਅਤੇ ਦੂਜੇ ਪਾਸੇ ਸਰਕਾਰ ਜਸ਼ਨ ਮਨਾ ਰਹੀ ਹੈ। ਸਮਾਗਮਾਂ 'ਚ ਪੈਸੇ ਦੀ ਕੀਤੀ ਬਰਬਾਦੀ ਨੂੰ ਲੈ ਕੇ ਮੁੱਖ ਮੰਤਰੀ ਨੂੰ ਜਨਤਾ ਦੇ ਦਰਬਾਰ ਵਿਚ ਮਾਫ਼ੀ ਮੰਗਣੀ ਚਾਹੀਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਇਮਾਨਦਾਰੀ ਨਾਲ ਕਿਸਾਨਾਂ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਰਜ਼ ਮਾਫ਼ੀ ਯੋਜਨਾ ਵਿੱਚ ਖ਼ਾਮੀਆਂ ਨੂੰ ਆਮ ਆਦਮੀ ਪਾਰਟੀ ਜਨਤਾ ਦੇ ਦਰਬਾਰ ਵਿਚ ਲੈ ਕੇ ਜਾਵੇਗੀ ਅਤੇ ਸਰਕਾਰ ਨੂੰ ਸਮੇਂ-ਸਮੇਂ ਬੇਨਕਾਬ ਕਰਦੀ ਰਹੇਗੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਹੋਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ‘ਤੇ ਚੜ੍ਹਿਆ ਕਰਜ਼ ਬੇਸ਼ੱਕ ਉਹ ਆੜ੍ਹਤੀਆ ਦਾ ਹੋਵੇ, ਬੈਂਕ ਦਾ ਹੋਵੇ, ਉਹ ਸੰਪੂਰਨ ਤੌਰ ਉੱਤੇ ਮਾਫ਼ ਕੀਤਾ ਜਾਵੇਗਾ, ਪਰ ਅਫ਼ਸੋਸ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੀ ਸੱਤਾ ਸੰਭਾਲੇ ਕਰੀਬ 2 ਸਾਲ ਹੋ ਚੁੱਕੇ ਹਨ ਅਤੇ ਹੁਣ ਤੱਕ ਪੰਜਾਬ ਦੇ ਕਿਸਾਨਾਂ ਅਤੇ ਹੋਰਾਂ ਦੇ ਸਿਰ ਲਗਭਗ 1 ਲੱਖ ਕਰੋੜ ਰੁਪਏ ਦਾ ਕਰਜ਼ ਮਾਫ਼ ਨਹੀਂ ਕੀਤਾ ਗਿਆ।
ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਇੰਨਾ ਜ਼ਰੂਰ ਕਰ ਰਹੀ ਹੈ ਕਿ ਕਰਜ਼ ਮਾਫ਼ੀ ਦੇ ਸਮਾਗਮਾਂ ਵਿੱਚ ਫ਼ਿਜੂਲਖ਼ਰਚੀ ਕਰ ਕੇ ਅਤੇ ਕਿਸਾਨਾਂ ਨੂੰ ਸਮਾਗਮਾਂ ਵਿੱਚ ਸੱਦ ਕੇ ਉਨ੍ਹਾਂ ਨੂੰ ਜਲੀਲ ਕਰ ਰਹੀ ਹੈ।

ABOUT THE AUTHOR

...view details