ਬਠਿੰਡਾ (Bathinda Snatching) :ਪੰਜਾਬ 'ਚ ਸਰਕਾਰ ਤੇ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡ-ਵੱਡੇ ਦਾਅਵੇ ਕਰਦੀ ਹੈ ਪਰ ਨਿੱਤ ਦਿਨ ਸ਼ਰੇਆਮ ਹੋ ਰਹੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ। ਕਈ ਥਾਵਾਂ 'ਤੇ ਸਥਿਤੀ ਇਹ ਬਣ ਚੁੱਕੀ ਹੈ ਕਿ ਦਿਨ ਦਿਹਾੜੇ ਲੁੱਟ ਖੋਹ ਅਤੇ ਕਤਲ ਵਰਗੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕੁਝ ਦਿਨਾਂ 'ਚ ਕਈ ਵਾਰਦਾਤਾਂ ਸ਼ਹਿਰ 'ਚ ਹੋ ਚੁੱਕੀਆਂ ਹਨ।
ਮੰਦਿਰ ਜਾ ਰਹੀ ਮਹਿਲਾ ਤੋਂ ਲੁੱਟ: ਤਾਜ਼ਾ ਮਾਮਲਾ ਬਠਿੰਡਾ 'ਚ ਸਾਹਮਣੇ ਆਇਆ, ਜਿਥੇ ਬੇਖੌਫ ਬਦਮਾਸ਼ਾਂ ਵਲੋਂ ਮਹਿਲਾ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ। ਜਿਸ ਸਬੰਧੀ ਮਹਿਲਾ ਦੇ ਪੁੱਤ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਕਿ ਜਦੋਂ ਉਸ ਦੀ ਮਾਂ ਸਵੇਰੇ ਤੜਕਸਾਰ ਮੰਦਿਰ ਜਾ ਰਹੇ ਸਨ ਤਾਂ ਮੋਟਰਸਾਇਕਲ 'ਤੇ ਆਏ ਦੋ ਬਦਮਾਸ਼ਾਂ ਵਲੋਂ ਕੰਨਾਂ 'ਚ ਪਾਈਆਂ ਵਾਲੀਆਂ ਲੁੱਟ ਲਈਆਂ ਹਨ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਉਧਰ ਇਸ ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਸੁਖਬੀਰ ਬਾਦਲ ਨੇ ਚੁੱਕੇ ਸਵਾਲ: ਇਸ ਸਬੰਧੀ ਸੁਖਬੀਰ ਬਾਦਲ ਵਲੋਂ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ, ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਕਤਲ, ਨਸ਼ਿਆਂ ਦੀ ਤਸਕਰੀ, ਜ਼ਮੀਨਾਂ 'ਤੇ ਕਬਜ਼ੇ, ਗੈਰ-ਕਾਨੂੰਨੀ ਮਾਈਨਿੰਗ ਅਤੇ ਲੁੱਟ-ਖੋਹ ਦੀਆਂ ਅਜਿਹੀਆਂ ਘਟਨਾਵਾਂ ਰੋਜ਼ਾਨਾ ਦਾ ਮਾਮਲਾ ਬਣ ਗਈਆਂ ਹਨ। ਇਸ ਵੱਲ ਤੁਰੰਤ ਧਿਆਨ ਦੇਣ ਦੀ ਜਰੂਰਤ ਹੈ, ਪਰ "ਕਠਪੁਤਲੀ" ਮੁੱਖ ਮੰਤਰੀ ਆਪਣੇ ਦਿੱਲੀ ਦੇ ਆਕਾ ਅਰਵਿੰਦ ਕੇਜਰੀਵਾਲ ਲਈ ਡਰਾਈਵਰ ਬਣਿਆ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਹੋਰ ਚੋਣਾਂ ਵਾਲੇ ਰਾਜਾਂ ਵਿੱਚ ਚੋਣ ਪ੍ਰਚਾਰ ਵਿੱਚ ਰੁੱਝਿਆ ਹੋਇਆ ਹੈ। ਬਠਿੰਡਾ 'ਚ ਬਦਲਾਵ ਦੀ ਇੱਕ ਹੋਰ ਮੂੰਹੋਂ ਬੋਲਦੀ ਵੀਡਿਓ।
ਬਠਿੰਡਾ 'ਚ ਹੀ ਕੁਝ ਦਿਨਾਂ ਪਹਿਲਾਂ ਹੋ ਚੁੱਕੇ ਕਤਲ: ਕਾਬਿਲੇਗੌਰ ਹੈ ਕਿ ਪਿਛਲੇ ਕੁਝ ਦਿਨਾਂ 'ਚ ਬਠਿੰਡਾ ਵਾਰਦਾਤਾਂ ਦਾ ਅੱਡਾ ਬਣ ਚੁੱਕਿਆ ਹੈ। ਜਿਥੇ ਪਿਛਲੇ ਦਿਨੀਂ ਬਦਮਾਸ਼ਾਂ ਵਲੋਂ ਦਿਨ ਦਿਹਾੜੇ ਬਠਿੰਡਾ ਦੀ ਮਾਲ ਰੋਡ 'ਤੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਦਾ ਕਤਲ ਕੀਤਾ ਗਿਆ ਸੀ। ਜਿਸ ਤੋਂ ਕੁਝ ਦਿਨਾਂ ਬਾਅਦ ਹੀ ਇੱਕ ਹੋਰ ਵਾਰਦਾਤ ਹੋਈ ਸੀ ਤੇ ਉਸ 'ਚ ਵੀ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋਇਆ ਸੀ।