ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਤੇ ਕਸਟੋਡੀਅਲ ਟਾਰਚਰ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਧਾਰਾ 302 ਜੁੜਨ ਪਿੱਛੋਂ ਗ੍ਰਿਫਤਾਰੀ ਤੋਂ ਬਚਣ ਲਈ ਸੋਮਵਾਰ ਨੂੰ ਮੋਹਾਲੀ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਖਿਲ ਕੀਤੀ ਹੈ, ਜਿਸ 'ਤੇ ਮੰਗਲਵਾਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਮੁਲਤਾਨੀ ਕੇਸ: ਸੈਣੀ ਨੇ ਅਗਾਊਂ ਜ਼ਮਾਨਤ ਲਈ ਮੋਹਾਲੀ ਕੋਰਟ 'ਚ ਲਾਈ ਅਰਜੀ
ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਧਾਰਾ 302 ਜੁੜਨ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਣ ਲਈ ਮੋਹਾਲੀ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਖਿਲ ਕੀਤੀ ਹੈ, ਜਿਸ 'ਤੇ ਅਗਲੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ।
ਜਾਣਕਾਰੀ ਅਨੁਸਾਰ ਐਸਆਈਟੀ ਨੇ ਡਿਊਟੀ ਮੈਜਿਸਟਰੇਟ ਦੇ ਹੁਕਮਾਂ 'ਤੇ ਧਾਰਾ 302 ਜੋੜ ਦਿੱਤੀ ਸੀ ਅਤੇ ਸਾਬਕਾ ਡੀਜੀਪੀ ਨੂੰ ਗ੍ਰਿਫ਼ਤਾਰੀ ਲਈ 21 ਅਗਸਤ ਨੂੰ ਨੋਟਿਸ ਭੇਜਿਆ ਗਿਆ ਕਿਉਂਕਿ ਸੈਣੀ ਨੂੰ ਮੋਹਾਲੀ ਕੋਰਟ ਤੋਂ ਬਲੈਂਕੇਟ ਬੇਲ ਮਿਲੀ ਹੋਈ ਸੀ। ਭਾਵ ਜੇਕਰ ਪੁਲਿਸ ਸੈਣੀ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਤਿੰਨ ਦਿਨ ਪਹਿਲਾਂ ਨੋਟਿਸ ਦੇਣਾ ਹੋਵੇਗਾ।
ਨੋਟਿਸ ਮਿਲਣ ਤੋਂ ਬਾਅਦ ਹੁਣ ਸਾਬਕਾ ਡੀਜੀਪੀ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਦੀ ਅਪੀਲ ਮੋਹਾਲੀ ਕੋਰਟ ਵਿੱਚ ਦਾਖਿਲ ਕੀਤੀ ਹੈ। ਸੈਣੀ ਨੇ ਆਪਣੀ ਜ਼ਮਾਨਤ ਅਰਜ਼ੀ ਵਿੱਚ ਕਿਹਾ ਹੈ ਕਿ ਇਹ 29 ਸਾਲ ਪੁਰਾਣਾ ਮਾਮਲਾ ਹੈ ਅਤੇ ਇਸ ਵਿੱਚ ਪਹਿਲਾਂ ਹੀ ਇੱਕ ਐਫਆਈਆਰ ਦਰਜ ਕਰ ਕੇ ਪੂਰੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਲਈ ਇੱਕ ਹੀ ਮਾਮਲੇ ਵਿੱਚ ਦੋ ਵਾਰ ਐਫਆਈਆਰ ਕਿਵੇਂ ਦਰਜ ਕੀਤੀ ਜਾ ਸਕਦੀ ਹੈ। ਸਾਬਕਾ ਡੀਜੀਪੀ ਨੇ ਇਸ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਆਦੇਸ਼ਾਂ ਦਾ ਵੀ ਹਵਾਲਾ ਦਿੱਤਾ ਹੈ। ਸੈਣੀ ਨੇ ਪ੍ਰੀ-ਪਟੀਸ਼ਨ ਵਿੱਚ ਇਹ ਵੀ ਗਰਾਊਂਡ ਦਿੱਤਾ ਹੈ ਕਿ ਉਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਐਸਆਈਟੀ ਧਾਰਾ 302 ਜੋੜੇਗੀ।