ਚੰਡੀਗੜ੍ਹ: ਕਿਸਾਨਾਂ ਦੇ ਟਿਊਬਲਾਂ 'ਤੇ ਬਿਜਲੀ ਦੇ ਬਿੱਲ ਲਗਾਉਣ ਨੂੰ ਲੈ ਕੇ ਅਕਾਲੀ ਦਲ ਲਗਾਤਾਰ ਕਾਂਗਰਸ 'ਤੇ ਨਿਸ਼ਾਨਾ ਸਾਧ ਰਿਹਾ ਹੈ, ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਾਫ ਤੌਰ 'ਤੇ ਕਹਿ ਦਿੱਤਾ ਗਿਆ ਕਿ ਕਿਸਾਨਾਂ ਤੋਂ ਟਿਊਬਲਾਂ ਦਾ ਬਿਜਲੀ ਦਾ ਬਿੱਲ ਨਹੀਂ ਲਿਆ ਜਾਵੇਗਾ।
ਖੇਤੀ ਮੋਟਰਾਂ 'ਤੇ ਬਿਜਲੀ ਬਿੱਲ ਇਨ੍ਹਾਂ ਚਰਚਾਵਾਂ ਦੇ ਵਿੱਚ ਹੁਣ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਉੱਪਰ ਲੋਨ ਲੈਣ ਸਬੰਧੀ ਸ਼ਰਤਾਂ ਲਗਾ ਦਿੱਤੀਆਂ ਗਈਆਂ ਹਨ। ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਇਹ ਕਹਿ ਰਹੀ ਹੈ ਕਿ ਜੇਕਰ ਲੋਨ ਲੈਣਾ ਹੈ ਤਾਂ ਕਿਸਾਨਾਂ ਦੇ ਟਿਊਬਲਾਂ ਦੇ ਬਿਜਲੀ ਦੇ ਬਿੱਲ ਲੈਣੇ ਪੈਣਗੇ।
ਰਜਿੰਦਰ ਬਾਜਵਾ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਕੇਂਦਰ ਤੋਂ ਲੋਨ ਲਵੇ ਜਾਂ ਨਾ ਲਵੇ ਪਰ ਕਿਸਾਨਾਂ ਦੇ ਟਿਊਬਲ ਉੱਪਰ ਬਿਜਲੀ ਦਾ ਬਿੱਲ ਨਹੀਂ ਲਗਾਇਆ ਜਾਵੇਗਾ। ਪੀਐੱਮ ਨਰਿੰਦਰ ਮੋਦੀ ਵੱਲੋਂ ਐਲਾਨੇ 20 ਲੱਖ ਕਰੋੜ ਦੇ ਰਾਹਤ ਕਰਜ਼ਾ ਪੈਕੇਜ ਨੂੰ ਜੁਮਲਾ ਦੱਸਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਦਾ ਚਾਰ ਹਜ਼ਾਰ ਕਰੋੜ ਰੁਪਏ ਦਾ ਜੀਐੱਸਟੀ ਬਕਾਇਆ ਹੁਣ ਤੱਕ ਕੇਂਦਰ ਸਰਕਾਰ ਨੇ ਨਹੀਂ ਦਿੱਤਾ।
ਇਹ ਵੀ ਪੜੋ: ਦਿੱਲੀ: ਆਰਮੀ ਕੰਟੀਨ 'ਚ ਲੱਗੀ ਭਿਆਨਕ ਅੱਗ
ਬਿਜਲੀ ਵਿਭਾਗ ਵੱਲੋਂ ਫਿਲਹਾਲ ਕਿਸਾਨਾਂ ਦੇ ਟਿਊਬਲਾਂ ਉੱਪਰ ਮੀਟਰ ਲਗਾ ਕਿਸਾਨਾਂ ਦੇ ਖਾਤਿਆਂ ਵਿੱਚ ਸਬਸਿਡੀ ਦੇਣ ਸਬੰਧੀ ਵੀ ਚਰਚਾ ਛਿੜੀ ਹੋਈ ਹੈ ਪਰ ਤ੍ਰਿਪਤ ਬਾਜਵਾ ਨੇ ਸਾਫ ਕੀਤਾ ਕਿ ਕਿਸਾਨਾਂ ਤੋਂ ਬਿਜਲੀ ਦੇ ਬਿੱਲ ਨਹੀਂ ਲਏ ਜਾਣਗੇ।