ਚੰਡੀਗੜ੍ਹ:ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸ਼ਨੀਵਾਰ ਸ਼ਾਮ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਲਕੌਰ ਸਿੰਘ ਦੇ ਦਿਲ ਵਿੱਚ ਪਾਏ ਸਟੰਟ ਵਿੱਚ ਕੁਝ ਸਮੱਸਿਆ ਆਈ ਹੈ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ 'ਚ ਭਾਰਤ ਜੋੜੋ ਯਾਤਰਾ ਦੌਰਾਨ ਬਲਕੌਰ ਸਿੰਘ ਰਾਹੁਲ ਗਾਂਧੀ ਦੇ ਨਾਲ ਜਲੰਧਰ ਆਏ ਸਨ। ਇਸ ਦੌਰਾਨ ਬਲਕੌਰ ਸਿੰਘ ਨੇ ਭੀੜ ਵਿੱਚ ਘਬਰਾਹਟ ਹੋਣ ਬਾਰੇ ਕਿਹਾ ਸੀ।
ਰਾਹੁਲ ਗਾਂਧੀ ਨੇ ਬਲਕੌਰ ਸਿੰਘ ਨਾਲ ਕੀਤੀ ਸੀ ਤਸਵੀਰ ਸਾਂਝੀ:ਭਾਰਤ ਜੋੜੋ ਯਾਤਾਰ ਦੌਰਾਨ ਰਾਹੁਲ ਗਾਂਧੀ ਨੇ ਬਲਕੌਰ ਸਿੰਘ ਨਾਲ ਤਸਵੀਰ ਸਾਂਝੀ ਕੀਤੀ ਸੀ। ਤਸਵੀਰ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਲਿਖਿਆ ਸੀ ਕਿ ਅੱਜ ਜਲੰਧਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਦੀ ਯਾਤਰਾ ਵਿੱਚ ਸ਼ਾਮਲ ਹੋਏ ਹਨ। ਮੈਂ ਉਨ੍ਹਾਂ ਵਿੱਚ ਅਦਭੁਤ ਹਿੰਮਤ ਅਤੇ ਧੀਰਜ ਦੇਖਿਆ। ਉਨ੍ਹਾਂ ਦੀਆਂ ਅੱਖਾਂ ਵਿੱਚ ਆਪਣੇ ਬੇਟੇ ਲਈ ਮਾਣ ਅਤੇ ਅਥਾਹ ਪਿਆਰ ਝਲਕਦਾ ਹੈ। ਮੈਂ ਅਜਿਹੇ ਪਿਤਾ ਨੂੰ ਸਲਾਮ ਕਰਦਾ ਹਾਂ!
ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਬਲੌਕੇਜ ਦੀ ਸ਼ਿਕਾਇਤ ਤੋਂ ਬਾਅਦ ਪੀਜੀਆਈਐਮਈਆਰ ਦੇ ਐਡਵਾਂਸਡ ਕਾਰਡੀਅਕ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਸਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸਨੂੰ ਪੀ.ਜੀ.ਆਈ.ਐਮ.ਈ.ਆਰ. ਵਿੱਚ ਰੈਫਰ ਕੀਤਾ ਸੀ।
ਇਹ ਵੀ ਪੜ੍ਹੋ:ਅੰਮ੍ਰਿਤਸਰ ਵਿੱਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਇਕ ਪੁਲਿਸ ਮੁਲਾਜ਼ਮ ਜ਼ਖਮੀ