ਸਵਾਲਾਂ ਦੇ ਘੇਰੇ ਵਿਚ ਪੰਜਾਬ ਦਾ ਸਿਹਤ ਮਾਡਲ ਚੰਡੀਗੜ੍ਹ:ਪੰਜਾਬ ਦੇ ਵਿਚ ਸਿਹਤ ਮਾਡਲ ਦੀਆਂ ਤਾਰੀਫ਼ਾਂ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਹਤ ਮਾਡਲ ਵਿਵਾਦਾਂ ਵਿਚ ਘਿਰ ਗਿਆ ਹੈ। ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਚੰਗੇ ਸਿਹਤ ਮਾਡਲ ਦੀਆਂ ਦੁਹਾਈਆਂ ਦਿੱਤੀਆਂ ਸਨ।ਦਿੱਲੀ ਦੀ ਤਰਜ 'ਤੇ ਪੰਜਾਬ ਵਿਚ ਵੀ ਕਈ ਮੁਹੱਲਾ ਕਲੀਨਿਕ ਖੋਲੇ ਗਏ। ਪਰ ਇਸਦੇ ਬਾਵਜੂਦ ਪੰਜਾਬ ਦੇ ਸਿਹਤ ਮਾਡਲ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।
ਮਾਨਸਾ ਦੇ ਸਰਕਾਰੀ ਹਸਪਤਾਲ ਦੀ ਘਟਨਾ: ਬੀਤੇ ਦਿਨੀਂ ਮਾਨਸਾ ਵਿਚ ਡਿਲੀਵਰੀ ਦੌਰਾਨ ਇਕ ਔਰਤ ਨਾਲ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਅਣਗਹਿਲੀ ਕੀਤੀ ਗਈ। ਡਾਕਟਰ ਨੇ ਐਮਰਜੈਂਸੀ ਦੀ ਨਜ਼ਾਕਤ ਨੂੰ ਨਾ ਸਮਝਦਿਆਂ ਔਰਤ ਦੀ ਡਿਲੀਵਰੀ ਵੀਡੀਓ ਕਾਲ ਤੇ ਕਰਵਾਈ। ਡਿਲੀਵਰੀ ਤੋਂ ਬਾਅਦ ਔਰਤ ਅਤੇ ਬੱਚਾ ਦੋਵਾਂ ਦੀ ਮੌਤ ਹੋ ਗਈ। ਅਜਿਹਾ ਹੀ ਮਾਮਲਾ ਲੰਘੇ ਮਹੀਨਿਆਂ 'ਚ ਪਠਾਨਕੋਟ ਤੋਂ ਸਾਹਮਣੇ ਆਇਆ ਸੀ ਜਿੱਥੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਔਰਤ ਨੇ ਫਰਸ਼ 'ਤੇ ਹੀ ਬੱਚੇ ਨੂੰ ਜਨਮ ਦਿੱਤਾ। ਇਹ ਘਟਨਾਵਾਂ ਪੰਜਾਬ ਦੇ ਸਿਹਤ ਮਾਡਲ 'ਤੇ ਵੱਡੇ ਸਵਾਲ ਖੜੇ ਕਰ ਰਹੀਆਂ ਹਨ। ਜਿਸ ਤੋਂ ਬਾਅਦ ਸਿਆਸਤ ਵੀ ਗਰਮਾ ਗਈ ਹੈ।
ਭਾਜਪਾ ਆਗੂ ਅਨਿਲ ਸਰੀਨ ਸਿਹਤ ਸਹੂਲਤਾਂ ਸਬੰਧੀ ਪੰਜਾਬ ਸਰਕਾਰ 'ਤੇ ਵਰ੍ਹੇ :ਭਾਜਪਾ ਆਗੂ ਅਨਿਲ ਸਰੀਨ ਇਸ ਘਟਨਾ ਤੋਂ ਬਾਅਦ ਜੰਮ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ। ਪੰਜਾਬ ਸਰਕਾਰ 'ਤੇ ਭੜਕਦਿਆਂ ਉਹਨਾਂ ਕਿਹਾ ਪੰਜਾਬ ਦੇ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਰਕਾਰ ਨੂੰ ਸਵਾਲ ਕਰਦਿਆਂ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵਿਚ ਅਜਿਹਾ ਕਿਹੜਾ ਵਿਭਾਗ ਹੈ ਜੋ ਕੰਮ ਕਰ ਰਿਹਾ ਹੈ? ਉਹਨਾਂ ਆਖਿਆ ਕਿ ਮੁਹੱਲਾ ਕਲੀਨਿਕਾਂ ਤੋਂ ਜ਼ਿਆਦਾ ਸਰਕਾਰ ਨੂੰ ਪ੍ਰਾਇਮਰੀ ਹੈਲਥ ਸੈਂਟਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਪੰਜਾਬ ਕਾਂਗਰਸ ਦੀ ਆਗੂ ਟੀਨਾ ਚੌਧਰੀ ਨੇ ਸਿਹਤ ਸਹੂਲਤਾਂ ਉਤੇ ਚੁੱਕੇ ਸਵਾਲ:ਪੰਜਾਬ ਕਾਂਗਰਸ ਦੇ ਆਗੂ ਟੀਨਾ ਚੌਧਰੀ ਵੀ ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਤੋਂ ਖ਼ਫ਼ਾ ਨਜ਼ਰ ਆਏ। ਉਹਨਾਂ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ। ਉਹਨਾਂ ਆਖਿਆ ਕਿ ਬਦਲਾਅ ਅਤੇ ਮੁਹੱਲਾ ਕਲੀਨਿਕਾਂ ਦੀਆਂ ਦੁਹਾਈਆਂ ਦੇਣ ਵਾਲੀ ਸਰਕਾਰ ਦੇ ਰਾਜ ਵਿਚ ਗਰਭਵਤੀ ਮਹਿਲਾਵਾਂ ਦੀ ਦੁਰਦਸ਼ਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਹੁੱਲਾ ਕਲੀਨਿਕ ਖੋਲ੍ਹਣ ਨਾਲ ਹੀ ਸਿਹਤ ਸਹੂਲਤਾਂ ਮੁਕੰਮਲ ਨਹੀ ਹੋ ਜਾਣਗੀਆਂ। ਹਸਪਤਾਲਾਂ ਵਿੱਚ ਸਟਾਫ ਅਤੇ ਅਧੁਨਿਕ ਮਸ਼ੀਨਰੀ ਦੀ ਲੋੜ ਹੈ।
ਸਿਹਤ ਖੇਤਰ ਵਿਚ ਸੁਧਾਰ ਲਿਆਉਣ ਲਈ ਬਣਾਏ ਮੁਹੱਲਾ ਕਲੀਨਿਕ :ਪੰਜਾਬ ਦੇ ਵਿਚ ਦਿੱਲੀ ਦੀ ਤਰਜ਼ ਉਤੇ ਸਿਹਤ ਸੁਧਾਰ ਲਿਆਉਣ ਲਈ ਮੁਹੱਲਾ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ। ਜਿਸਦਾ ਮਕਸਦ ਸਿਹਤ ਖੇਤਰ ਵਿਚ ਵੱਡੇ ਸੁਧਾਰ ਕਰਨਾ ਸੀ। 15 ਅਗਸਤ ਨੂੰ ਪੰਜਾਬ ਵਿਚ 75 ਮੁਹੱਲਾ ਕਲੀਨਿਕ ਖੋਲੇ ਗਏ। ਇਸ ਤੋਂ ਬਾਅਦ 25 ਹੋਰ ਮੁਹੱਲਾ ਕਲੀਨਿਕ ਖੋਲ੍ਹੇ ਗਏ। ਹਾਲਾਂਕਿ ਇਹਨਾਂ ਮੁਹੱਲਾ ਕਲੀਨਿਕਾਂ ਵਿੱਚ ਲੋਕ ਜਾਂ ਕੇ ਇਲਾਜ ਕਰਵਾ ਰਹੇ ਹਨ। ਇਹਨਾਂ ਕਲੀਨਿਕਾਂ ਵਿਚ ਐਮ.ਬੀ.ਬੀ.ਐਸ ਡਾਕਟਰ, ਨਰਸ, ਫਾਰਮਾਸਿਸਟ ਤੋਂ ਇਲਾਵਾ ਅਸਿਸਟੈਂਟ ਵੀ ਸ਼ਾਮਿਲ ਹੁੰਦੇ ਹਨ। ਇਹਨਾਂ ਕਲੀਨਿਕਾਂ ਵਿੱਚ ਮੁਫ਼ਤ ਟੈਸਟ ਕੀਤੇ ਜਾਂਦੇ ਹਨ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਮੁਹੱਲਾ ਕਲੀਨਿਕਾਂ ਵਿਚ ਸਿਰਫ਼ ਮਾਮੂਲੀ ਬੀਮਾਰੀਆਂ ਦਾ ਇਲਾਜ ਕਰਨ ਦਾ ਪ੍ਰਬੰਧ ਹੈ। ਗੰਭੀਰ ਬਿਮਾਰੀਆਂ ਲਈ ਹਸਪਤਾਲ ਹੀ ਜਾਣਾ ਪੈਂਦਾ ਹੈ।
ਅਜਿਹੀਆਂ ਦੋ ਘਟਨਾਵਾਂ ਜਿਸ ਕਾਰਨ ਉੱਠ ਰਹੇ ਸਿਹਤ ਵਿਭਾਗ ਉੱਤੇ ਸਵਾਲ :ਸਰਕਾਰੀ ਹਸਪਤਾਲਾਂ ਦੀ ਸਥਿਤੀ ਤੋਂ ਲੋਕ ਬਹੁਤੇ ਸੰਤੁਸ਼ਟ ਨਹੀਂ ਹਨ। ਮਾਨਸਾ ਵਿਚ ਵਾਪਰੀ ਇਹ ਪਹਿਲੀ ਘਟਨਾ ਨਹੀਂ ਹੈ ਇਸਤੋਂ ਪਹਿਲਾਂ ਸਤੰਬਰ ਦੇ ਮਹੀਨੇ ਵਿਚ ਇਕ ਗਰਭਵਤੀ ਮਹਿਲਾ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿਚ ਪਠਾਨਕੋਟ ਦੇ ਸਰਕਾਰੀ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਸਾਹਮਣੇ ਆਈ ਸੀ। ਜਿਸ ਵਿਚ ਦਰਦ ਨਾਲ ਤੜਫ ਰਹੀ ਔਰਤ ਦੀ ਸਾਰ ਨਹੀਂ ਲਈ ਗਈ ਅਤੇ ਔਰਤ ਨੇ ਫਰਸ਼ ਤੇ ਹੀ ਬੱਚੇ ਨੂੰ ਜਨਮ ਦਿੱਤਾ। ਫਰਸ਼ ਤੇ ਦੂਰ ਦੂਰ ਤੱਕ ਖੂਨ ਹੀ ਖੂਨ ਖਿਲਰਿਆ ਵਿਖਾਈ ਦੇ ਰਿਹਾ ਸੀ। ਇਸ ਵੀਡੀਓ ਨੇ ਹਸਪਤਾਲ ਪ੍ਰਸ਼ਾਸਨ, ਪੰਜਾਬ ਸਰਕਾਰ ਅਤੇ ਸਿਹਤ ਪ੍ਰਬੰਧਾਂ ਦੀ ਬਹੁਤ ਕਿਰਕਿਰੀ ਕਰਵਾਈ ਸੀ।
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹਸਪਤਾਲਾਂ 'ਚ ਦੌਰੇ ਬੇਅਸਰ:ਮੌਜੂਦਾ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਿਹਤ ਵਿਭਾਗ ਦਾ ਚਾਰਜ ਸੰਭਾਲਣ ਤੋਂ ਬਾਅਦ ਮੰਤਰੀ ਨੇ ਪਿਛਲੇ ਮਹੀਨੇ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਸੀ। ਉਨ੍ਹਾਂ ਅਧਿਕਾਰੀਆਂ ਨੂੰ ਸਹੂਲਤਾਂ ਦੇ ਨਵੀਨੀਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਸਨ। ਮੰਤਰੀ ਵੱਲੋਂ ਮੈਡੀਕਲ ਯੂਨਿਟਾਂ ਅਤੇ ਵਾਰਡਾਂ ਵਿੱਚ ਸਫ਼ਾਈ ਦੀ ਘਾਟ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਦੀ ਖਿਚਾਈ ਵੀ ਕੀਤੀ ਸੀ ਪਰ ਇਸ ਦੇ ਬਾਵਜੂਦ ਇਹ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਹਸਪਤਾਲ ਦਾ ਦੌਰਾ ਕੀਤਾ ਸੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਪੁੱਛੀਆਂ ਸਨ। ਹਸਪਤਾਲ ਵਿਚ ਸਾਰੀਆਂ ਕਮੀਆਂ ਦੂਰ ਕਰਨ ਦਾ ਉਹਨਾਂ ਵਾਅਦਾ ਕੀਤਾ ਸੀ।
ਹਸਪਤਾਲਾਂ ਵਿੱਚ ਅਧੁਨਿਕ ਸਿਹਤ ਮਸ਼ੀਨਰੀ ਦੀ ਕਮੀ:ਪੰਜਾਬ ਦੇ ਮੌਜੂਦਾ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਹਨ ਜੋ ਸਮਾਣਾ ਹਲਕੇ ਤੋਂ ਵਿਧਾਇਕ ਹਨ ਅਤੇ ਜ਼ਿਲ੍ਹਾ ਪਟਿਆਲਾ ਨਾਲ ਸਬੰਧ ਰੱਖਦੇ ਹਨ। ਜੇਕਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਡੇ ਹਸਪਤਾਲਾਂ ਵਿਚੋਂ ਇਕ ਹੈ। ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਸੰਘਰਸ਼ ਕਰ ਰਿਹਾ ਹੈ। ਇਹ ਹਸਪਤਾਲ ਡਾਕਟਰਾਂ, ਅਸਿਸਟੈਂਟ ਸਟਾਫ਼ ਅਤੇ ਅਤਿ- ਆਧੁਨਿਕ ਮਸ਼ੀਨਰੀ ਦੀ ਕਮੀ ਨਾਲ ਜੂਝ ਰਿਹਾ ਹੈ।
ਸਟਾਫ ਦੀ ਕਮੀ ਨਾਲ ਜੂਝ ਰਹੇ ਹਸਪਤਾਲ: 50% ਫੈਕਲਟੀ ਦੀ ਘਾਟਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਭਾਰੀ ਘਾਟ ਨੇ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਜੋ ਕਦੇ ਮਾਲਵਾ ਖੇਤਰ ਦੇ ਮਰੀਜ਼ਾਂ ਦੀ ਜੀਵਨ ਰੇਖਾ ਸੀ। ਵਿਭਾਗ ਸਿਰਫ 50% ਸਟਾਫ ਨਾਲ ਕੰਮ ਕਰ ਰਹੇ ਹਨ, ਅਤੇ ਫਾਰਮਾਸਿਸਟਾਂ ਦੀ 60% ਘਾਟ ਹੈ। ਹਾਊਸਕੀਪਿੰਗ ਕਰਮਚਾਰੀਆਂ ਦੀ ਇੱਕ ਵੱਡੀ ਕਮੀ ਹੈ। ਨਤੀਜੇ ਵਜੋਂ ਭਾਰੀ ਲਾਗਤ ਅਤੇ ਨਵੀਨਤਮ ਸਾਜ਼ੋ-ਸਾਮਾਨ ਨਾਲ ਬਣਾਇਆ ਗਿਆ ਸੁਪਰ ਸਪੈਸ਼ਲਿਟੀ ਵਿੰਗ ਸਹੀ ਢੰਗ ਨਾਲ ਕਿੱਕਸਟਾਰਟ ਕਰਨ ਵਿੱਚ ਅਸਫਲ ਰਿਹਾ ਹੈ।
ਮਰੀਜ਼ਾਂ ਨੂੰ PGI ਕੀਤਾ ਜਾ ਰਿਹਾ ਰੈਫਰ:ਰਜਿੰਦਰਾ ਹਸਪਤਾਲ ਮਾਲਵਾ ਦਾ ਸਭ ਤੋਂ ਵੱਡਾ ਸਿਹਤ ਕੇਂਦਰ ਹੈ ਪਰ ਸਹੂਲਤਾਂ ਦੀ ਘਾਟ ਕਾਰਨ ਇਥੋਂ ਵੱਡੀ ਗਿਣਤੀ 'ਚ ਮਰੀਜ਼ਾਂ ਨੂੰ ਪੀ.ਜੀ.ਆਈ. ਰੈਫਰ ਕੀਤਾ ਜਾਂਦਾ ਹੈ। ਰੋਜ਼ਾਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਪੀਜੀਆਈ ਜਾਂ ਚੰਡੀਗੜ੍ਹ ਦੇ ਹੋਰ ਹਸਪਤਾਲਾਂ ਵਿੱਚ ਤਬਦੀਲ ਕਰਨਾ ਪੈਂਦਾ ਹੈ। ਇਹ ਮੁੱਦਾ ਬਹੁਤ ਵਾਰ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਵੀ ਗਿਆ। ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਸਰਕਾਰਾਂ ਦੇ ਧਿਆਨ ਵਿਚ ਇਹ ਮਸਲਾ ਲਿਆਂਦਾ ਗਿਆ ਹੈ।
ਹੋਰ ਸਰਕਾਰੀ ਹਸਪਤਾਲਾਂ ਦੀ ਹਾਲਤ ਵੀ ਖਰਾਬ:ਬਾਕੀ ਹਸਪਤਾਲਾਂ ਦੀ ਕਾਰਗੁਜ਼ਾਰੀ ਵੀ ਸੰਤੋਸ਼ਜਨਕ ਨਹੀਂ ਇਹ ਸਿਰਫ਼ ਪੰਜਾਬ ਦੇ ਇਕ ਹਸਪਤਾਲ ਦੀ ਹੀ ਦਾਸਤਾਨ ਨਹੀਂ ਹੈ। ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ, ਬਾਬਾ ਫਰੀਦ ਮੈਡੀਕਲ ਯੂਨੀਵਰਿਸਟੀ ਅਤੇ ਕਾਲਜ ਜਾਂ ਪੰਜਾਬ ਦੇ ਹੋਰ ਵੱਡੇ ਸਰਕਾਰੀ ਸੰਸਥਾਨ ਸਭ ਸਟਾਫ਼ ਵਿੱਚ ਸਟਾਫ ਦੀ ਕਮੀ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਲਈ ਮਾੜੇ ਪ੍ਰਬੰਧ ਹਨ। ਕੁਝ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਹਸਪਤਾਲਾਂ ਵਿਚ ਇਲਾਜ ਦੇ ਮਾੜੇ ਪ੍ਰਬੰਧ ਤਾਂ ਹਨ ਹੀ ਉਪਰੋਂ ਸਰਕਾਰੀ ਹਸਪਤਾਲਾਂ ਦਾ ਰਵੱਈਆ ਐਨਾ ਮਾੜਾ ਹੁੰਦਾ ਹੈ ਕਿ ਸਭ ਦੇ ਸਾਹਮਣੇ ਉਹਨਾਂ ਨੂੰ ਕਈ ਵਾਰ ਸ਼ਰਮਸਾਰ ਹੋਣਾ ਪਿਆ।
ਸਰਕਾਰੀ ਹਸਪਤਾਲਾਂ ਦੀ ਹਾਲਤ ਨਾਜ਼ੁਕ:ਲੋਕਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੀ ਕਾਰਗੁਜ਼ਾਰੀ ਹੁਣ ਤੱਕ ਬਹੁਤ ਮਾੜੀ ਹੈ। 'ਆਪ' ਵੱਲੋਂ ਮੁਹੱਲਾ ਕਲੀਨਿਕਾਂ ਖੋਲ੍ਹੇ ਜਾਣ ਤੋਂ ਜ਼ਿਆਦਾ ਸਰਕਾਰੀ ਹਸਤਪਤਾਲਾਂ ਦੀ ਵਿਵਸਥਾ ਵੱਲ ਧਿਆਨ ਦੇਣਾ ਜ਼ਰੂਰੀ ਸੀ। ਜ਼ਮੀਨੀ ਪੱਧਰ ਤੇ ਜਦੋਂ ਸਰਕਾਰੀ ਹਸਪਤਾਲਾਂ ਦੀ ਸਥਿਤੀ ਦਾ ਨਿਰੀਖਣ ਕੀਤਾ ਗਿਆ ਤਾਂ ਇਲਾਜ ਦੇ ਨਾਂ ਤੇ ਸਰਕਾਰੀ ਹਸਪਤਾਲ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ।
ਇਹ ਵੀ ਪੜ੍ਹੋ:-CM ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ, ਪੰਜਾਬ ਕਾਡਰ ਦੇ IPS ਅਧਿਕਾਰੀ ਨੂੰ ਸਮੇਂ ਤੋਂ ਪਹਿਲਾਂ ਚੰਡੀਗੜ੍ਹ ਦੇ SSP ਦੇ ਅਹੁਦੇ ਤੋਂ ਫਾਰਗ ਕਰ ਦੇਣ 'ਤੇ ਪ੍ਰਗਟਾਇਆ ਰੋਸ