ਚੰਡੀਗੜ੍ਹ :ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ ਅਤੇ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਤੇ ਕਿਸਾਨੀ ਨੂੰ ਖੁਸ਼ਹਾਲ ਕਿੱਤਾ ਬਣਾਉਣ, ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਅਤੇ ਕਰਜ਼ਾ ਮੁਕਤ ਕਰਨ ਲਈ ਲਗਾਤਾਰ ਤਤਪਰ ਹੈ। ਅਸ਼ਵਨੀ ਸ਼ਰਮਾ ਨੇ ਜਾਰੀ ਆਪਣੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਗੰਨੇ ਦੇ ਭਾਅ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।
ਯੂਰੀਆ ਸਬਸਿਡੀ ਸਕੀਮ ਨੂੰ ਜਾਰੀ ਰੱਖਣ ਦੇ ਐਲਾਨ ਦਾ ਸਵਾਗਤ :ਉਨ੍ਹਾਂ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਸਮੁੱਚੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਐਮਐਸਪੀ ਵਿੱਚ ਕਦੇ ਵੀ ਲਗਾਤਾਰ ਤੇ ਇੰਨਾ ਵਾਧਾ ਨਹੀਂ ਕੀਤਾ ਸੀ। ਉਨ੍ਹਾਂ ਕੇਂਦਰ ਸਰਕਾਰ ਵਲੋਂ ਯੂਰੀਆ ਸਬਸਿਡੀ ਸਕੀਮ ਨੂੰ ਜਾਰੀ ਰੱਖਣ ਦੇ ਐਲਾਨ ਦਾ ਵੀ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਸ ਪੈਕੇਜ ਵਿੱਚ, ਤਿੰਨ ਸਾਲਾਂ (2022-23 ਤੋਂ 2024-25) ਲਈ ਯੂਰੀਆ ਸਬਸਿਡੀ ਲਈ ਲਗਭਗ 3.70 ਲੱਖ ਕਰੋੜ ਰੁਪਏ ਅਲਾਟ ਕਰਨ ਦੀ ਵਚਨਬੱਧਤਾ ਕੀਤੀ ਗਈ ਹੈ। ਇਹ ਪੈਕੇਜ ਹਾਲ ਹੀ ਵਿੱਚ 2023-24 ਦੇ ਸਾਉਣੀ ਸੀਜ਼ਨ ਲਈ 38,000 ਕਰੋੜ ਰੁਪਏ ਦੀ ਹਾਲ ਹੀ ਵਿੱਚ ਮਨਜ਼ੂਰ ਕੀਤੀ ਪੌਸ਼ਟਿਕ ਆਧਾਰਿਤ ਸਬਸਿਡੀ (NBS) ਤੋਂ ਇਲਾਵਾ ਹੈ। ਯੂਰੀਆ ਸਬਸਿਡੀ ਸਕੀਮ ਦੇ ਜਾਰੀ ਰਹਿਣ ਨਾਲ ਯੂਰੀਆ ਦਾ ਦੇਸੀ ਉਤਪਾਦਨ ਵੀ ਵੱਧ ਤੋਂ ਵੱਧ ਹੋਵੇਗਾ।
ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧੇ ਦਾ ਫੈਸਲਾ :ਅਸ਼ਵਨੀ ਸ਼ਰਮਾ ਨੇ ਕਿਹਾ ਕਿ 7 ਜੂਨ 2023 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (CCEA)' ਦੀ ਮੀਟਿੰਗ ਵਿੱਚ 2023-24 ਦੇ ਮੰਡੀਕਰਨ ਸੀਜ਼ਨ ਲਈ ਵੱਖ-ਵੱਖ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਮਹੱਤਵਪੂਰਨ ਵਾਧੇ ਦਾ ਐਲਾਨ ਕਰਨ ਦਾ ਫੈਸਲਾ ਲਿਆ ਅਤੇ 28 ਜੂਨ ਨੂੰ ਮੋਦੀ ਮੰਤਰੀ ਮੰਡਲ ਨੇ ਗੰਨਾ ਕਿਸਾਨਾਂ ਲਈ ਵੱਡਾ ਐਲਾਨ ਕਰਦਿਆਂ ਗੰਨੇ ਦੇ ਉਚਿਤ ਮੁੱਲ ਅਤੇ ਲਾਭਕਾਰੀ ਮੁੱਲ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ, ਜਿਸਦਾ ਅਸੀਂ ਸਵਾਗਤ ਕਰਦੇ ਹਾਂ। ਪੰਜਾਬ ਵਿੱਚ ਵਿਆਪਕ ਤੌਰ 'ਤੇ ਉਗਾਈ ਜਾਣ ਵਾਲੀ ਫ਼ਸਲ ਝੋਨੇ ਲਈ ਘੱਟੋ-ਘੱਟ ਸਮਰਥਨ ਮੁੱਲ 7% ਵਧਾ ਕੇ ਆਮ ਸ਼੍ਰੇਣੀ ਦੀ ਕਿਸਮ ਲਈ 'ਏ' ਸ਼੍ਰੇਣੀ ਦੀ ਕਿਸਮ ਲਈ 2,230 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਭੱਜੀ :ਐਮਐਸਪੀ ਵਿੱਚ ਸਭ ਤੋਂ ਵੱਧ ਵਾਧਾ ਮੂੰਗ ਵਿੱਚ 10.4% ਵਧ ਕੇ 8,558 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ, ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਤੋਂ ਭੱਜ ਗਈ ਹੈ ਅਤੇ ਪੰਜਾਬ ਦੇ ਕਿਸਾਨਾਂ ਦੀ ਮੱਕੀ ਅਤੇ ਮੂੰਗ ਦੀ ਫਸਲ ਐਮਐਸਪੀ 'ਤੇ ਪੰਜਾਬ ਸਰਕਾਰ ਨਹੀਂ ਖਰੀਦ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਡੇ ਕਿਸਾਨ ਭਰਾ ਮੱਕੀ ਤੇ ਮੂੰਗੀ ਦੀਆਂ ਫਸਲਾਂ ਨੂੰ ਐਮਐਸਪੀ ਤੋਂ ਬਹੁਤ ਘੱਟ ਰੇਟ ਉਤੇ ਵੇਚਣ ਲਈ ਮਜਬੂਰ ਹਨ, ਜਿਸ ਕਰਕੇ ਸਾਡੇ ਕਿਸਾਨ ਭਰਾ ਬਹੁਤ ਨਿਰਾਸ਼ ਤੇ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ 2090 ਰੁਪਏ ਐਮਐਸਪੀ ਦੇ ਭਾਅ ਵਾਲੀ ਮੱਕੀ 900-1000 ਰੁਪਏ ਵਿੱਕ ਰਹੀ ਹੈ, ਜੋ ਕਿ ਬਹੁਤ ਮੰਦਭਾਗਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧੇ ਨਾਲ ਹੁਣ ਕਿਸਾਨਾਂ ਨੂੰ ਆਪਣੀ ਆਮਦਨ ਨੂੰ ਵੱਧ ਤੋਂ ਵੱਧ ਕਰਨ ਲਈ ਬੀਜੇ ਹੋਏ ਖੇਤਰ ਨੂੰ ਵਧਾਉਣ ਅਤੇ ਫਸਲਾਂ ਦੀ ਵਿਭਿੰਨਤਾ ਲਿਆਉਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਇਹ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕਿਸਾਨਾਂ ਨੂੰ ਸਮਰਥਨ ਦੇਣ ਅਤੇ ਉਨ੍ਹਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਭਾਜਪਾ ਦੀ ਕੇਂਦਰ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਬਿੰਬ ਹੈ।
(ਪ੍ਰੈਸ ਨੋਟ)