ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਦੌਰਾਨ ਮਿਸ਼ਨ ਫ਼ਤਿਹ ਤਹਿਤ ਹੇਠਲੇ ਪੱਧਰ 'ਤੇ ਅਹਿਮ ਭੂਮਿਕਾ ਨਿਭਾ ਰਹੀਆਂ ਆਸ਼ਾ ਵਰਕਰਾਂ ਨੇ ਢਕੋਲੀ ਸੀ.ਐਚ.ਸੀ. ਵਿੱਖੇ ਕੰਮ ਦਾ ਬਾਈਕਾਟ ਕਰਦੇ ਹੋਏ ਐਸ.ਐਮ.ਓ. ਡੇਰਾਬੱਸੀ ਤੇ ਸਮਰੱਥਾ ਤੋਂ ਵੱਧ ਆਨਲਾਈਨ ਕੰਮ ਲੈਣ ਦੇ ਦੋਸ਼ ਲਗਾਏ।
ਐਚ.ਸੀ. ਢਕੋਲੀ ਵਿਖੇ ਰੋਸ਼ ਪ੍ਰਦਰਸ਼ਰਨ ਕਰ ਰਹੀਆਂ ਆਸ਼ਾ ਵਰਕਰਾਂ ਨੇ ਕਿਹਾ ਕਿ ਇੱਕ ਪਾਸੇ ਆਸ਼ਾ ਵਰਕਰਜ਼ ਕੋਵਿਡ-19 ਪੌਜ਼ੀਟਿਵ ਮਾਮਲਿਆਂ ਨਾਲ ਸਬੰਧਤ ਵਿਅਕਤੀਆਂ ਅਤੇ ਉਸਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸੰਪਰਕ ਲੜੀ ਲੱਭਣ ਦਾ ਕਾਰਜ ਕਰ ਰਹੀਆਂ ਹਨ। ਉਥੇ ਹੀ 14 ਦਿਨਾਂ ਲਈ ਇਕਾਂਤਵਾਸ ਕੀਤੇ ਵਿਅਕਤੀਆਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦੀ ਸਿਹਤ ਜਾਂਚ ਦਾ ਕੰਮ ਵੀ ਕਰ ਰਹੀਆਂ ਹਨ।
ਪਰ ਇਸ ਦੇ ਬਾਵਜੂਦ ਐਸ.ਐਮ.ਓ. ਸੰਗੀਤਾ ਜੈਨ ਅਤੇ ਬੀ.ਈ.ਈ ਸੁਖਜੀਤ ਸਿੰਘ ਵੱਲੋਂ ਉਨ੍ਹਾਂ 'ਤੇ ਜਬਰਦਸਤੀ ਅਸਤੀਫ਼ਾ ਦੇਣ 'ਤੇ ਜ਼ੋਰ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ.ਈ.ਈ ਸੁਖਜੀਤ ਸਿੰਘ ਆਸ਼ਾ ਵਰਕਰਾਂ ਨਾਲ ਬਦਸਲੂਕੀ ਤੋਂ ਇਲਾਵਾ ਹੱਥ ਚੁੱਕਣ ਤੱਕ ਜਾਂਦਾ ਹੈ। ਐਸ.ਐਮ.ਓ. ਡੇਰਾ ਬੱਸੀ ਸੰਗੀਤਾ ਜੈਨ ਵੱਲੋਂ ਰੋਜ਼ਾਨਾ ਆਨਲਾਈਨ ਇੱਕ ਹਜ਼ਾਰ ਫ਼ਾਰਮ ਭਰਨ ਲਈ ਜ਼ੋਰ ਪਇਆ ਜਾ ਰਿਹਾ ਹੈ ਜੋ ਕੀ ਸਾਡੇ ਵੱਸ ਵਿਚ ਨਹੀਂ ਹੈ ਕਿਉਂਕਿ ਉਨ੍ਹਾਂ ਵੱਲੋਂ ਸੀਮਿਤ ਸਾਧਨਾਂ ਦੇ ਬਾਵਜੂਦ ਫ਼ੀਲਡ ਵਿੱਚ ਜਾ ਕੇ ਕੜੀ ਮੁਸ਼ੱਕਤ ਕੀਤੀ ਜਾ ਰਹੀ ਹੈ।