ਚੰਡੀਗੜ੍ਹ : ਪੰਜਾਬ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਪਟਿਆਲਾ ਵਿਖੇ ਪੁਲਿਸ ‘ਤੇ ਹੋਏ ਹਮਲੇ ਨੂੰ ਖ਼ਤਰਨਾਕ ਕਰਾਰ ਦਿੱਤਾ ਤੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਉਹਨਾਂ ਕਿਹਾ ਕਿ ਇਹ ਕਾਇਰਤਾ ਦਾ ਕੰਮ ਹੈ ਅਤੇ ਇਸ ਕਾਰਵਾਈ ਦਾ ਬਚਾਅ ਕਰਨਾ ਸਬੰਧਿਤ ਨੇਤਾਵਾਂ ਦੀ ਅਪ੍ਰੋੜਤਾ ਅਤੇ ਬੁੱਧੀਹੀਣਤਾ ਨੂੰ ਦਰਸਾਉਂਦਾ ਹੈ।
ਪੁਲਿਸ 'ਤੇ ਹਮਲੇ ਨੂੰ ਲੈ ਕੇ ਅਰੁਨਾ ਚੌਧਰੀ ਨੇ ਬੈਂਸ ਨੂੰ ਘੇਰਿਆ, ਕਿਹਾ ਛੱਡ ਦਿਓ ਪੰਜਾਬ ਪੁਲਿਸ ਦੀ ਸੁਰੱਖਿਆ ਨੂੰ - bains says about police attack
ਬੀਤੀ ਦਿਨੀਂ ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਨਿਹੰਗ ਸਿੰਘਾਂ ਵਿਚਕਾਰ ਹੋਈ ਲੜਾਈ ਨੂੰ ਲੈ ਕੇ ਸਿਮਰਜੀਤ ਬੈਂਸ ਨੇ ਨਿਹੰਗ ਸਿੰਘਾਂ ਦਾ ਪੱਖ ਪੂਰਿਆ ਸੀ, ਜਿਸ ਨੂੰ ਲੈ ਕੇ ਪੰਜਾਬ ਕੈਬਿਨੇਟ ਮੰਤਰੀ ਅਰੁਨਾ ਚੌਧਰੀ ਨੇ ਬੈਂਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।
ਚੌਧਰੀ ਨੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਬਿਆਨ ਨੂੰ ਪੂਰੀ ਤਰ੍ਹਾਂ ਬੇ-ਬੁਨਿਆਦ ਅਤੇ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਬੈਂਸ ਇਸ ਕਿਸਮ ਦੀਆਂ ਚਾਲਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਸੀ ਜੋ ਕਿ ਬਿਲਕੁਲ ਨਾਵਾਜਬ ਹੈ। ਉਹਨਾਂ ਕਿਹਾ ਕਿ ਜੇ ਬੈਂਸ ਪੰਜਾਬ ਪੁਲਿਸ ਵਿੱਚ ਆਪਣਾ ਭਰੋਸਾ ਗੁਆ ਬੈਠਾ ਹੈ, ਤਾਂ ਉਸ ਨੂੰ ਆਪਣੇ ਲਈ ਪੰਜਾਬ ਪੁਲਿਸ ਦਾ ਸੁਰੱਖਿਆ ਪ੍ਰਬੰਧ ਛੱਡ ਦੇਣਾ ਚਾਹੀਦਾ ਹੈ।
ਪੁਲਿਸ ਮੁਲਾਜ਼ਮਾਂ ਦੇ ਸਮਰਪਣ ਅਤੇ ਲਗਨ ਦੀ ਪ੍ਰਸ਼ੰਸਾ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਸੰਕਟ ਦੀ ਇਸ ਘੜੀ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕਰਫ਼ਿਊ ਪਾਬੰਦੀਆਂ ਲਗਾਉਣ ਵਿੱਚ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ‘ਤੇ ਮਾਣ ਹੈ ਅਤੇ ਪੰਜਾਬ ਸਰਕਾਰ ਸਾਡੇ ਬਹਾਦਰ ਪੁਲਿਸ ਅਫ਼ਸਰਾਂ ਦੇ ਪਿੱਛੇ ਇਕਮੁੱਠ ਹੈ, ਜੋ ਅਮਨ ਤੇ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰ ਰਹੇ ਹਨ।