ਚੰਡੀਗੜ੍ਹ: 36 ਦਿਨਾਂ ਬਾਅਦ ਬੀਤੇ ਦਿਨੀਂ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਗ੍ਰਿਫ਼ਤਾਰ ਕਰਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅੰਮ੍ਰਿਤਪਾਲ ਦੇ ਨੌਂ ਸਾਥੀ ਪਹਿਲਾਂ ਹੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਅੰਮ੍ਰਿਤਪਾਲ ਸਿੰਘ ਨੂੰ ਸਵੇਰੇ 6.45 ਵਜੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਅੰਮ੍ਰਿਤਪਾਲ ਵੱਲੋਂ ਸਰੰਡਰ ਕੀਤੇ ਜਾਣ ਦੀਆਂ ਚਰਚਾਵਾਂ ਵੀ ਤੇਜ਼ ਹਨ। ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਨਾਲ ਹੁਣ ਅੱਗੇ ਕੀ ਹੋਵੇਗਾ ਇਹ ਜਾਣਨਾ ਅਹਿਮ ਹੈ। ਅੰਮ੍ਰਿਤਪਾਲ ਨੇ ਦੁਬਈ ਤੋਂ ਡਿਬਰੂਗੜ੍ਹ ਜੇਲ੍ਹ ਤੱਕ ਦਾ ਸਫ਼ਰ ਤੈਅ ਕੀਤਾ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ 'ਤੇ ਸਭ ਦੀ ਨਿਗ੍ਹਾ ਟਿਕੀ ਹੋਈ ਸੀ ਅਤੇ ਹੁਣ ਇਹ ਵੀ ਅਹਿਮ ਰਹਿਣ ਵਾਲਾ ਹੈ ਕਿ ਅੰਮ੍ਰਿਤਪਾਲ ਦੇ ਜੇਲ੍ਹ ਜਾਣ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ ਹੁਣ ਅੱਗੇ ਕੀ ਕਰਨਗੀਆਂ ।
ਕੇਂਦਰੀ ਏਜੰਸੀਆਂ ਕਰ ਸਕਦੀਆਂ ਹਨ ਪੁੱਛਗਿੱਛ: ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਕੇਂਦਰੀ ਏਜੰਸੀਆਂ ਉਸ ਕੋਲੋਂ ਪੁੱਛਗਿੱਛ ਕਰ ਸਕਦੀਆਂ ਹਨ। ਸੂਤਰਾਂ ਅਨੁਸਾਰ ਆਈਬੀ, ਰਾਅ, ਇੰਟੈਲੀਜੈਂਸ ਅਤੇ ਐੱਨਆਈਏ ਵਰਗੀਆਂ ਏਜੰਸੀਆਂ ਅੰਮ੍ਰਿਤਾਪਲ ਤੋਂ ਪੁੱਛਗਿੱਛ ਕਰ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਏਜੰਸੀਆਂ ਡਿਬਰੂਗੜ੍ਹ ਲਈ ਰਵਾਨਾ ਹੋ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਖ ਤੋਂ ਅੰਮ੍ਰਿਤਪਾਲ ਕੋਲੋਂ ਪੁੱਛਗਿੱਛ ਕਰੇਗੀ। ਪੰਜਾਬ ਪੁਲਿਸ ਵੱਲੋਂ ਐੱਸਐੱਸਪੀ ਅਤੇ ਡੀਐੱਸਪੀ ਰੈਂਕ ਦੇ ਅਫ਼ਸਰਾਂ ਦੀਆਂ ਟੀਮਾਂ ਅੰਮ੍ਰਿਤਪਾਲ ਤੋਂ ਪੁੱਛ ਪੜਤਾਲ ਕਰਨਗੀਆਂ। 18 ਮਾਰਚ ਤੋਂ ਭਗੌੜੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਮੋਗਾ ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਨੇ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਕਾਰਵਾਈ ਕੀਤੀ ਗਈ।
36 ਦਿਨ ਬਾਅਦ ਡਿਬਰੂਗੜ੍ਹ ਜੇਲ੍ਹ 'ਚ ਅੰਮ੍ਰਿਤਪਾਲ, ਪੁੱਛ-ਪੜਤਾਲ ਲਈ ਕਾਹਲੀਆਂ ਪਈਆਂ ਏਜੰਸੀਆਂ, ,ਪੜ੍ਹੋ ਖ਼ਾਸ ਰਿਪੋਰਟ
ਬੀਤੇ ਦਿਨ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਪੰਜਾਬ ਸਮੇਤ ਦੇਸ਼ ਦੀਆਂ ਏਜੰਸੀਆਂ ਲਈ ਇੱਕ ਅਣਬੁੱਝ ਪਹੇਲੀ ਬਣਿਆ ਸੀ। ਹੁਣ ਜਦ ਉਹ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਚੁੱਕਾ ਹੈ ਤਾਂ ਵੱਖ-ਵੱਖ ਤਰ੍ਹਾਂ ਦੀਆਂ ਕੇਂਦਰੀ ਏਜੰਸੀਆਂ ਸਮੇਤ ਪੰਜਾਬ ਪੁਲਿਸ ਅੰਮ੍ਰਿਤਪਾਲ ਤੋਂ ਪੁੱਛ ਪੜਤਾਲ ਕਰਨ ਲਈ ਕਾਹਲ਼ੀਆਂ ਪੈ ਰਹੀਆਂ ਹਨ।
ਆਈਐੱਸਆਈ ਸਬੰਧਾਂ ਦੀ ਹੋ ਸਕਦੀ ਜਾਂਚ: ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਅੰਮ੍ਰਿਤਪਾਲ ਅਤੇ ਆਈਐੱਸਆਈ ਨਾਲ ਅੰਮ੍ਰਿਤਪਲ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਨੂੰ ਸਿਖਲਾਈ ਦੇਣ ਲਈ ਦੋ ਆਈਐੱਸਆਈ ਸੰਗਠਨਾਂ ਨੂੰ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਸਬੰਧਾਂ ਦੇ ਮਾਮਲੇ ਵਿੱਚ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਅਤੇ ਬੱਬਰ ਖਾਲਸਾ ਇਟਰਨੈਸ਼ਨਲ ਸੰਗਠਨ ਦਾ ਨਾਂ ਵੀ ਸਾਹਮਣੇ ਆ ਚੁੱਕਾ ਹੈ। ਐੱਨਆਈਏ ਅਤੇ ਰਾਅ ਕੇਂਦਰੀ ਵਰਗੀਆਂ ਏਜੰਸੀਆਂ ਅੰਮ੍ਰਿਤਪਾਲ ਦੇ ਪਾਕਿਸਤਾਨ ਅਤੇ ਆਈਐੱਸਆਈ ਸਬੰਧਾਂ ਦੀ ਜਾਂਚ ਕਰਨਾ ਚਾਹੁੰਦੀਆਂ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਅੰਮ੍ਰਿਤਪਾਲ ਸਿੰਘ ਪਾਕਿਸਤਾਨ ਵਿੱਚ ਛੁਪੇ ਹੋਏ ਅੱਤਵਾਦੀ ਲਖਬੀਰ ਸਿੰਘ ਰੋਡੇ ਦੇ ਭਰਾ ਜਸਵੰਤ ਸਿੰਘ ਰੋਡੇ, ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਪੁੱਤਰ, ਅਵਤਾਰ ਸਿੰਘ ਖੰਡਾ ਅਤੇ ਪਰਮਜੀਤ ਸਿੰਘ ਪੰਮਾ ਦੇ ਯੂ.ਕੇ ਵਿੱਚ ਸੰਪਰਕ ਸਨ। ਜਿਸ ਤੋਂ ਬਾਅਦ ਕੇਂਦਰ ਅਤੇ ਸੂਬੇ ਦੀਆਂ ਖੁਫੀਆ ਏਜੰਸੀਆਂ ਵੀ ਅੰਮ੍ਰਿਤਪਾਲ ਸਿੰਘ ਤੋਂ ਪੰਜਾਬ 'ਚ ਚੱਲ ਰਹੇ ਡਰੱਗ ਰੈਕੇਟ ਬਾਰੇ ਪੁੱਛਗਿੱਛ ਕਰਨਾ ਚਾਹੁੰਦੀਆਂ ਹਨ।
ਵਿਦੇਸ਼ੀ ਫੰਡਿੰਗ ਦੀ ਹੋ ਸਕਦੀ ਹੈ ਪੁੱਛਗਿੱਛ: ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਵੱਲੋਂ ਵੀ ਅੰਮ੍ਰਿਤਪਾਲ ਨੂੰ ਵਿਦੇਸ਼ੀ ਫੰਡਿੰਗ ਹੋਣ ਦਾ ਖਦਸ਼ਾ ਜਤਾਇਆ ਗਿਆ ਸੀ। ਜਿਸ ਦੇ ਅਧਾਰ ਉੱਤੇ ਅੰਮ੍ਰਿਤਪਾਲ ਕੋਲੋਂ ਪੁੱਛ ਪੜਤਾਲ ਹੋ ਸਕਦੀ ਹੈ ਅਤੇ ਵਿਦੇਸ਼ੀ ਫੰਡਿੰਗ ਦੇ ਰਾਜ਼ ਉਗਲਵਾਏ ਜਾ ਸਕਦੇ ਹਨ। ਉਸ ਦਾ ਮਹਿੰਗੇ ਵਾਹਨਾਂ ਵਿੱਚ ਸਫ਼ਰ ਕਰਨਾ ਵੀ ਵਿਦੇਸ਼ੀ ਫੰਡਿੰਗ ਨਾਲ ਹੀ ਜੋੜ੍ਹ ਕੇ ਵੇਖਿਆ ਜਾ ਰਿਹਾ ਹੈ। ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਰਾਹੀਂ ਪਾਕਿਸਤਾਨ ਤੋਂ ਹਥਿਆਰ ਮੰਗਵਾ ਰਿਹਾ ਸੀ ਅਤੇ ਪੰਜਾਬ ਨੂੰ ਫਿਰਕੂ ਲੀਹਾਂ 'ਤੇ ਵੰਡਣ ਦੀ ਕੋਸ਼ਿਸ਼ ਕਰ ਰਿਹਾ ਸੀ। ਏਜੰਸੀ ਉਸ ਦੇ ਵੱਲੋਂ ਤਿਆਰ ਕੀਤੀ ਜਾ ਰਹੀ ਅਨੰਦਪੁਰ ਖਾਲਸਾ ਫੋਰਸ ਅਤੇ ਹਥਿਆਰਾਂ ਬਾਰੇ ਵੀ ਪੁੱਛਗਿੱਛ ਕਰਨਾ ਚਾਹੁੰਦੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਹਥਿਆਰ ਪੰਜਾਬ, ਜੰਮੂ-ਕਸ਼ਮੀਰ ਜਾਂ ਯੂਪੀ ਰਾਹੀਂ ਮਿਲੇ ਸਨ ਜਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਅੰਮ੍ਰਿਤਪਾਲ ਸਿੰਘ ਲਈ ਭਾਰਤ ਲਿਆਂਦੇ ਗਏ ਸਨ।
ਫਰਾਰੀ ਦੇ ਸਬੰਧ ਵਿੱਚ ਹੋ ਸਕਦੇ ਹਨ ਸਵਾਲ ਜਵਾਬ : ਇਸ ਤੋਂ ਇਲਾਵਾ 36 ਦਿਨ ਅੰਮ੍ਰਿਤਪਾਲ ਦੇ ਫਰਾਰ ਰਹਿਣ 'ਤੇ ਵੀ ਜਾਂਚ ਹੋ ਸਕਦੀ ਹੈ। ਜਾਂਚ ਏਜੰਸੀਆਂ ਉਸ ਦੇ ਗਾਇਬ ਰਹਿਣ ਦੇ ਦਿਨਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੀਆਂ ਹਨ। ਇਸ ਦੌਰਾਨ ਉਹ ਕਿਹੜੇ ਲੋਕਾਂ ਦੇ ਸੰਪਰਕ ਵਿੱਚ ਰਿਹਾ। ਕਿਹੜੇ ਲੋਕਾਂ ਨੇ ਉਸ ਨੂੰ ਪਨਾਹ ਦਿੱਤੀ ਅਤੇ ਇਸ ਦੌਰਾਨ ਜੋ ਵੀਡੀਓਜ਼ ਅਪਲੋਡ ਕੀਤੀਆਂ ਉਹ ਕਿਥੋਂ ਅਪਲੋਡ ਕਰਵਾਈਆਂ ਗਈਆਂ। 36 ਦਿਨ ਉਹ ਕਿੱਥੇ ਰਿਹਾ ਅਤੇ ਕਿਹੜੇ ਲੋਕਾਂ ਨੇ ਉਸ ਦੀ ਮਦਦ ਕੀਤੀ। ਕੇਂਦਰੀ ਜਾਂਚ ਏਜੰਸੀਆਂ ਇਸ ਪੁੱਛਗਿੱਛ ਦੇ ਅਧਾਰ 'ਤੇ ਹੋਰ ਗ੍ਰਿਫ਼ਤਾਰੀਆਂ ਵੀ ਕਰ ਸਕਦੀਆਂ ਹਨ।
ਪੰਜਾਬ ਦੀ ਥਾਂ ਡਿਬਰੂਗੜ੍ਹ ਜੇਲ੍ਹ 'ਚ ਅੰਮ੍ਰਿਤਪਾਲ : ਅੰਮ੍ਰਿਤਪਾਲ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਲਿਜਾਇਆ ਗਿਆ ਹੈ ਕਿਉਂਕਿ ਜੇਕਰ ਉਹ ਪੰਜਾਬ ਵਿੱਚ ਰਹਿੰਦਾ ਹੈ ਤਾਂ ਉਸ ਦੇ ਹੱਕ ਵਿੱਚ ਅੰਦੋਲਨ ਹੋ ਸਕਦਾ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਖਤਰਾ ਪੈਦਾ ਹੋ ਸਕਦਾ ਹੈ। ਅੰਮ੍ਰਿਤਪਾਲ ਨੂੰ ਆਸਾਮ ਲਿਜਾਇਆ ਗਿਆ ਤਾਂ ਜੋ ਨਾ ਤਾਂ ਪੰਜਾਬ ਦਾ ਮਾਹੌਲ ਉਸ ਦੇ ਹੱਕ ਵਿੱਚ ਬਣਾਇਆ ਜਾ ਸਕੇ ਅਤੇ ਨਾ ਹੀ ਵਿਗਾੜ ਸਕੇ। ਜੇਕਰ ਉਹ ਪੰਜਾਬ ਵਿੱਚ ਰਹਿੰਦਾ ਹੈ ਤਾਂ ਉਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ।