ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਵਿੱਢੀ ਮੁਹਿੰਮ ਵਿੱਚ ਰਾਜ ਭਰ ਦੀਆਂ ਤਕਰੀਬਨ 53 ਹਜ਼ਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਦੱਸਿਆ ਕਿ ਆਪਣੀ ਇਸੇ ਕਾਰਗੁਜ਼ਾਰੀ ਸਦਕਾ ਆਂਗਨਵਾੜੀ ਵਰਕਰ ਤੇ ਹੈਲਪਰ ‘ਮਿਸ਼ਨ ਫਤਿਹ‘ ਤਹਿਤ ਹੁਣ ਤੱਕ ਸੋਨੇ ਦੇ 31 ਅਤੇ ਚਾਂਦੀ ਦੇ 133 ਬੈਜ ਜਿੱਤ ਚੁੱਕੇ ਹਨ।
ਮਿਸ਼ਨ ਫਤਿਹ ਤਹਿਤ ਵਰਕਰਾਂ ਨੇ ਹੁਣ ਤੱਕ ਸੋਨੇ ਦੇ 31 ਤੇ ਚਾਂਦੀ ਦੇ 133 ਬੈਜ ਜਿੱਤੇ: ਅਰੁਨਾ ਚੌਧਰੀ - Anganwari workers
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਵਿੱਢੀ ਮੁਹਿੰਮ ਵਿੱਚ ਰਾਜ ਭਰ ਦੀਆਂ ਤਕਰੀਬਨ 53 ਹਜ਼ਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਕੁੱਲ 27314 ਆਂਗਨਵਾੜੀ ਸੈਂਟਰ ਹਨ, ਜਿਨ੍ਹਾਂ ਵਿੱਚ ਕੰਮ ਕਰਦੀਆਂ 27295 ਆਂਗਨਵਾੜੀ ਵਰਕਰ ਤੇ 26055 ਹੈਲਪਰ ਲੋਕਾਂ ਨੂੰ ਘਰ ਘਰ ਜਾ ਕੇ ਕੋਰੋਨਾ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਦੀ ਲੋਕਾਂ ਤੱਕ ਸਿੱਧੀ ਤੇ ਸਰਲ ਪਹੁੰਚ ਹੁੰਦੀ ਹੈ, ਜਿਸ ਕਾਰਨ ਉਨਾਂ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੋਰ ਵਿਭਾਗਾਂ ਦੇ ਮੁਕਾਬਲੇ ਜ਼ਿਆਦਾ ਸੌਖਾ ਹੁੰਦਾ ਹੈ।
ਚੌਧਰੀ ਨੇ ਦੱਸਿਆ ਕਿ ਲੋਕਾਂ ਨੂੰ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵਿਕਸਤ ਕੋਵਾ ਐਪ ਵੀ ਉਨਾਂ ਦੇ ਮੋਬਾਈਲ ਫੋਨਾਂ ਉੱਤੇ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਜਾਂਦੀ ਜਾਣਕਾਰੀ ਅਤੇ ਦਿਸ਼ਾ-ਨਿਰਦੇਸ਼ ਲੋਕਾਂ ਤੱਕ ਫੌਰੀ ਤੌਰ ‘ਤੇ ਪਹੁੰਚ ਸਕਣ ਅਤੇ ਇਸ ਦੇ ਨਾਲ ਨਾਲ ਉਨਾਂ ਨੂੰ ਪੀੜਤ ਵਿਅਕਤੀ ਦੇ ਵੀ ਨੇੜੇ ਆਉਣ ਦਾ ਪਹਿਲਾਂ ਹੀ ਪਤਾ ਚੱਲ ਜਾਵੇ ਅਤੇ ਲੋਕ ਆਪਣਾ ਬਚਾਅ ਕਰ ਸਕਣ। ਉਨਾਂ ਦੱਸਿਆ ਕਿ ਵਰਕਰਾਂ ਨੇ ਆਂਗਨਵਾੜੀਆਂ ਦੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਸੈਂਟਰਾਂ ਦੀਆਂ ਕੰਧਾਂ ਉਤੇ ਜਾਗਰੂਕਤਾ ਪੋਸਟਰ ਤੇ ਪੇਂਟਿੰਗਾਂ ਵੀ ਚਿਪਕਾਈਆਂ।