ਚੰਡੀਗੜ੍ਹ: ਅੱਜ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਸਜ਼ਾ ਕੱਟ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਆਗੂ ਜਗਤਾਰ ਸਿੰਘ ਹਵਾਰਾ ਦੀ ਵਿਅਕਤੀਗਤ ਤੌਰ ਉੱਤੇ ਪੇਸ਼ੀ ਹੋ ਸਕਦੀ ਹੈ। ਇਹ ਪੇਸ਼ੀ ਅਦਾਲਤੀ ਹੁਕਮਾਂ ਮੁਤਾਬਿਕ ਹੀ ਵਿਅਕਤੀਗਤ ਤੌਰ ਉੱਤੇ ਹੋਣ ਜਾ ਰਹੀ ਹੈ। ਦੱਸ ਦਈਏ ਸੁਰੱਖਿਆ ਦੇ ਮੱਦੇਨਜ਼ਰ ਜਗਤਾਰ ਸਿੰਘ ਹਵਾਰਾ ਦੀਆਂ ਪਹਿਲੀਆਂ ਪੇਸ਼ੀਆਂ ਵੀਡੀਓ ਕਾਨਫਰੰਸਿੰਗ ਰਾਹੀਂ ਹੁੰਦੀਆਂ ਰਹੀਆਂ ਨੇ।
ਪੁਰਾਣੇ ਮਾਮਲੇ ਵਿੱਚ ਪੇਸ਼ੀ:ਥਾਣਾ ਸਦਰ ਖਰੜ ਵਿਖੇ ਸਾਲ 2005 ਵਿੱਚ ਦਰਜ ਹੋਏ ਹਵਾਰਾ ਨਾਲ ਸਬੰਧਤ ਅਪਰਾਧਿਕ ਮਾਮਲੇ ਦੀ ਮੁਹਾਲੀ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ। ਇਸ ਤੋਂ ਪਹਿਲਾਂ ਹਵਾਰਾ ਦੀ ਤਰਫੋਂ ਇਸ ਮਾਮਲੇ ਵਿੱਚ ਡਿਸਚਾਰਜ ਦੀ ਅਰਜ਼ੀ ਵੀ ਦਾਇਰ ਕੀਤੀ ਗਈ ਸੀ। ਪੰਜਾਬ ਪੁਲਿਸ ਨੇ ਆਪਣੇ ਲਿਖਤੀ ਜਵਾਬ ਵਿੱਚ ਇਸ ਅਰਜ਼ੀ ਦਾ ਵਿਰੋਧ ਕੀਤਾ ਹੈ। ਇਹ ਅਰਜ਼ੀ ਲਗਭਗ 18 ਸਾਲ ਪੁਰਾਣੇ ਕੇਸ ਵਿੱਚ ਹਵਾਰਾ ਦੀ ਤਰਫੋਂ ਉਸਦੇ ਵਕੀਲ ਨੇ 2 ਅਗਸਤ 2021 ਨੂੰ ਦਾਇਰ ਕੀਤੀ ਸੀ।
ਅਦਾਲਤੀ ਹੁਕਮਾਂ ਮੁਤਾਬਿਕ ਪੇਸ਼ੀ: ਦੱਸ ਦਈਏ ਮਾਮਲੇ ਵਿੱਚ ਜਗਤਾਰ ਸਿੰਘ ਹਵਾਰਾ ਦੀਆਂ ਪਹਿਲੀਆਂ ਪੇਸ਼ੀਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਵੀਡੀਓ ਕਾਨਫਰੰਸ ਕਰਵਾ ਕੇ ਦਲੀਲਾਂ ਦਿੱਤੀਆਂ ਗਈਆਂ ਹਨ। ਜਿਸ ਵਿੱਚ ਅਦਾਲਤ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਮਾਮਲਾ ਇਲਜ਼ਾਮ ਅਤੇ ਬਹਿਸ ਲਈ ਤੈਅ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ 'ਚ ਵਿਅਕਤੀਗਤ ਤੌਰ 'ਤੇ ਪੇਸ਼ ਕੀਤਾ ਜਾਵੇ। ਪੇਸ਼ੀ ਵਿਅਕਤੀਗਤ ਤੌਰ ਉੱਤੇ ਕਰਵਾਉਣ ਲਈ ਅਦਾਲਤ ਵੱਲੋਂ ਮੁਲਜ਼ਮ ਨੂੰ ਹਰ ਹਾਲਤ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਅਤੇ ਸੁਪਰਡੈਂਟ ਤਿਹਾੜ ਜੇਲ੍ਹ ਮੰਡੋਲੀ ਦਿੱਲੀ ਨੂੰ ਇੱਕ ਵੱਖਰਾ ਪੱਤਰ ਵੀ ਲਿਖਣ ਲਈ ਕਿਹਾ ਸੀ, ਤਾਂ ਜੋ ਮੌਜੂਦਾ ਕੇਸ ਵਿੱਚ ਹੋਰ ਦੇਰੀ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਪੱਤਰ ਐਸ.ਐਸ.ਪੀ ਮੁਹਾਲੀ ਨੂੰ ਭੇਜਿਆ ਗਿਆ ਸੀ ਤਾਂ ਜੋ ਤੈਅ ਮਿਤੀ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ’ਤੇ ਨਜ਼ਰ ਰੱਖਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਦੱਸ ਦਈਏ ਜਗਤਾਰ ਹਵਾਰਾ ਸਮੇਤ ਬਾਕੀ ਜੇਲ੍ਹ 'ਚ ਬੰਦ ਸਿੰਘਾਂ ਦੀ ਰਿਹਾਈ ਲਈ ਮੋਹਾਲੀ-ਚੰਡੀਗੜ੍ਹ ਵਿੱਚ ਪੱਕਾ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ। ਜਦਕਿ ਇਸ ਮੋਰਚੇ ਨੂੰ ਲੈ ਕੇ ਹਾਈ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ ਕਿ ਧਰਨੇ ਨੂੰ ਹਟਾਇਆ ਜਾਵੇ। ਫਿਲਹਾਲ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੀ ਕੋਈ ਵਿਚਲਾ ਹੱਲ ਕੱਢਣ ਦੇ ਹੁਕਮ ਜਾਰੀ ਕੀਤੇ ਹਨ। ਇਸ ਧਰਨੇ ਦੇ ਮੱਦੇਨਜ਼ਰ ਹੀ ਸਖ਼ਤ ਸੁਰੱਖਿਆ ਪਹਿਰੇ ਹੇਠ ਹਵਾਰਾ ਦੀ ਪੇਸ਼ੀ ਹੋਣ ਦੇ ਆਸਾਰ ਨੇ।