ਚੰਡੀਗੜ੍ਹ:ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਕਹਿਣ ਨੂੰ ਤਾ ਪੰਜਾਬ ਦੀਆਂ ਹਾਈ-ਸਿਕਿਓਰਿਟੀ ਜੇਲ੍ਹਾਂ ਵਿੱਚ ਬੰਦ ਹੈ ਪਰ ਅੰਦਰ ਬੈਠ ਕੇ ਹੀ ਉਸ ਨੇ ਕਈ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਹਨ। ਇਸ ਤੋਂ ਇਲਾਵਾ ਕਰੀਬ 8 ਮਹੀਨੇ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਦੇ ਅੰਦਰੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇਕੇ ਜਿੱਥੇ ਕਾਨੂੰਨ ਨੂੰ ਮਖੌਲ ਕੀਤਾ ਉੱਥੇ ਹੀ ਸਿਸਟਮ ਦੀਆਂ ਕਾਲੀਆਂ ਭੇਡਾਂ ਨੂੰ ਵੀ ਉਜਾਗਰ ਕੀਤਾ ਪਰ ਹੁਣ ਇਸ ਇੰਟਰਵਿਊ ਮਾਮਲੇ ਨੂੰ ਲੈਕੇ ਹਾਈਕੋਰਟ ਐਕਸ਼ਨ ਵਿੱਚ ਹੈ।
ADGP ਜੇਲ੍ਹਾਂ ਦੀ ਹੋਵੇਗੀ ਪੇਸ਼ੀ:ਦੱਸ ਦਈਏ ਪਿਛਲੀ ਸੁਣਵਾਈ ਦੌਰਾਨ ਪੰਜਾਬ ਹਰਿਆਣਾ ਹਾਈਕੋਰਟ ਨੇ ਜੇਲ੍ਹ ’ਚ ਲਾਰੈਂਸ ਬਿਸ਼ਨੋਈ (Lawrence Bishnoi) ਦੀ ਇੰਟਰਵਿਊ ਤੋਂ ਅੱਠ ਮਹੀਨੇ ਬਾਅਦ ਵੀ ਜਾਂਚ ਪੂਰੀ ਨਾ ਹੋਣ ’ਤੇ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਏਡੀਜੀਪੀ ਜੇਲ੍ਹਾਂ ਨੂੰ ਤਲਬ ਕੀਤਾ ਸੀ। ਇਸ ਦੇ ਨਾਲ ਹੀ ਜੇਲ੍ਹ ਕੰਪਲੈਕਸ ’ਚ ਮੋਬਾਈਲ ਫੋਨਾਂ ਦੀ ਵਰਤੋਂ ’ਤੇ ਰੋਕ ਲਈ ਚੁੱਕੇ ਜਾ ਰਹੇ ਕਦਮਾਂ ਦਾ ਬਿਓਰਾ ਸੌਂਪਣ ਲਈ ਪੰਜਾਬ , ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤਾ ਸੀ। ਅੱਜ ADGP ਜੇਲ੍ਹਾਂ ਹਾਈਕੋਰਟ ਵਿੱਚ ਜੇਲ੍ਹਾਂ ਅੰਦਰੋਂ (Appearance of ADGP Jails) ਹੁੰਦੀ ਗੈਰ-ਕਾਨੂੰਨੀ ਮੋਬਾਇਲ ਵਰਤੋਂ ਦਾ ਬਿਓਰਾ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਦਾ ਵੀ ਬਿਓਰਾ ਪੇਸ਼ ਕਰਨਗੇ।