ਸ਼ੂਗਰ ਤੋਂ ਇਲਾਵਾ ਕੈਂਸਰ ਵਰਗੀਆਂ ਬਿਮਾਰੀਆਂ ਦੀ ਜੜ੍ਹ ਬਣ ਸਕਦਾ ਮਿੱਠਾ, ਵੇਖੋ ਖਾਸ ਰਿਪੋਰਟ ਚੰਡੀਗੜ੍ਹ: ਚੀਨੀ ਯਾਨਿ ਕਿ ਖੰਡ ਸਿਰਫ਼ ਸ਼ੂਗਰ ਦਾ ਕਾਰਨ ਹੀ ਨਹੀਂ ਬਣਦੀ, ਬਲਕਿ ਹੋਰ ਕਈ ਬਿਮਾਰੀਆਂ ਨੂੰ ਵੀ ਜਨਮ ਦਿੰਦੀ ਹੈ। ਮੋਟਾਪੇ ਤੋਂ ਲੈ ਕੇ ਕੈਂਸਰ ਤੱਕ ਕਈ ਬਿਮਾਰੀਆਂ ਸਰੀਰ ਨੂੰ ਚੀਨੀ ਕਰਕੇ ਜਕੜ ਸਕਦੀਆਂ ਹਨ। ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਚੀਨੀ ਨਾਲ ਸਰੀਰ ਨੂੰ ਕਈ ਘਾਤਕ ਬਿਮਾਰੀਆਂ ਘੇਰਦੀਆਂ ਹਨ। ਖੰਡ ਦਾ ਇਸਤੇਮਾਲ ਹਰ ਕੋਈ ਆਪਣੇ ਜੀਵਨ ਵਿਚ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਕਰ ਰਿਹਾ ਹੈ। ਸਟੇਟਿਸਟਾ ਦੀ ਰਿਪੋਰਟ ਕਹਿੰਦੀ ਹੈ ਕਿ ਦੁਨੀਆਂ ਭਰ ਵਿਚ 174.84 ਮਿਲੀਅਨ ਟਨ ਚੀਨੀ ਦੀ ਵਰਤੋਂ ਹੋ ਰਹੀ ਹੈ।
ਕੈਂਸਰ ਵਰਗੀਆਂ ਬਿਮਾਰੀਆਂ ਦੀ ਜੜ੍ਹ ਬਣ ਸਕਦਾ ਮਿੱਠਾ ਸ਼ੂਗਰ ਦੋ ਤਰ੍ਹਾਂ ਦੀ ਹੁੰਦੀ :ਇਕ ਚੀਜ਼ ਸਮਝਣ ਵਾਲੀ ਇਹ ਵੀ ਹੈ ਕਿ ਚੀਨੀ ਜਾਂ ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਫ੍ਰੀ ਸ਼ੂਗਰ ਹੁੰਦੀ ਹੈ ਅਤੇ ਇਕ ਐਡਿਡ ਸ਼ੂਗਰ ਹੁੰਦੀ ਹੈ। ਫ੍ਰੀ ਸ਼ੂਗਰ ਕੁਦਰਤੀ ਹੁੰਦੀ ਹੈ ਜੋ ਫਲਾਂ, ਰੋਟੀ, ਚੌਲ, ਆਲੂ ਜਾਂ ਹੋਰ ਕਿਸੇ ਰੂਪ ਦੇ ਵਿਚ ਕੁਦਰਤੀ ਮਿਲਦੀ ਤੌਰ 'ਤੇ ਮਿਲਦੀ ਹੈ। ਦੂਜੀ ਹੁੰਦੀ ਹੈ ਐਡਿਡ ਸ਼ੂਗਰ, ਜਿਸ ਨੂੰ ਉਪਰੋਂ ਕਿਸੇ ਚੀਜ਼ ਵਿੱਚ ਮਿਲਾ ਕੇ, ਉਸ ਚੀਜ਼ ਨੂੰ ਮਿੱਠਾ ਬਣਾਇਆ ਜਾਂਦਾ ਹੈ। ਜਿਹੜਾ ਮਿੱਠਾ ਕੁਦਰਤੀ ਨਾ ਹੋ ਕੇ ਬਾਹਰੋਂ ਐਡ ਕੀਤਾ ਜਾਂਦਾ ਹੈ, ਉਹ ਸਰੀਰ ਵਾਸਤੇ ਕੁਰਦਤੀ ਮਿੱਠੇ ਨਾਲੋਂ ਜ਼ਿਆਦਾ ਘਾਤਕ ਹੁੰਦਾ ਹੈ। ਬਜ਼ਾਰਾਂ ਅੰਦਰ ਬੋਤਲਾਂ 'ਚ ਬੰਦ ਕੋਲਡ ਡਰਿੰਕ, ਜੂਸ ਅਤੇ ਡੱਬਾ ਬੰਦ ਭੋਜਨਾਂ ਵਿੱਚ ਸ਼ੂਗਰ ਦਾ ਭੰਡਾਰ ਹੁੰਦਾ ਹੈ।
ਡਾਈਬਟੀਜ਼ ਹੀ ਨਹੀਂ, ਸ਼ੂਗਰ ਨਾਲ ਇਹ ਬਿਮਾਰੀਆਂ ਵੀ: ਬਜ਼ਾਰਾਂ ਵਿਚ ਪਏ ਹੈਲਥ ਡਰਿੰਕ ਅਤੇ ਬੋਤਲਾਂ ਵਿਚ ਬੰਦ ਜੂਸ ਐਡਿਡ ਸ਼ੂਗਰ ਦਾ ਸਭ ਤੋਂ ਵੱਡਾ ਭੰਡਾਰ ਹਨ। ਮਠਿਆਈਆਂ ਅਤੇ ਫਾਸਟ ਫੂਡ ਵੀ ਸ਼ੂਗਰ ਦਾ ਸ੍ਰੋਤ ਹਨ, ਕਿਉਂਕਿ ਇਨ੍ਹਾਂ ਵਿੱਚ ਵੀ ਮਿੱਠਾ ਬਾਹਰੋਂ ਮਿਲਾਇਆ ਜਾਂਦਾ ਹੈ। ਇਨ੍ਹਾਂ ਵਿੱਚ ਸ਼ੂਗਰ ਦੀ ਮਾਤਰਾ ਆਮ ਨਾਲੋਂ ਜ਼ਿਆਦਾ ਹੁੰਦੀ ਹੈ, ਜੋ ਸਰੀਰ ਵਿੱਚ ਲੈਪਟੀਨ ਨਾਮੀ ਹਾਰਮੋਨ ਵਿੱਚ ਵਿਗਾੜ ਪੈਦਾ ਕਰਦੀ ਹੈ। ਇਸ ਹਾਰਮੋਨ ਵਿਚ ਵਿਗਾੜ ਪੈਦਾ ਹੋਣ ਨਾਲ ਮੋਟਾਪਾ ਅਤੇ ਭਾਰ ਦਾ ਵੱਧਦੇ ਰਹਿਣ ਦੀ ਸਮੱਸਿਆ ਰਹਿੰਦੀ ਹੈ। ਮਿੱਠਾ, ਦਿਲ ਦੀ ਧੜਕਣ ਵੀ ਰੋਕ ਸਕਦਾ ਹੈ, ਕਿਉਂਕਿ ਸ਼ੂਗਰ ਦੇ ਜ਼ਿਆਦਾ ਇਸਤੇਮਾਲ ਨਾਲ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਨੂੰ ਹਾਈ ਕਰ ਦਿੰਦਾ ਹੈ ਜਿਸ ਦਾ ਅਸਰ ਸਿੱਧਾ ਦਿਲ 'ਤੇ ਹੁੰਦਾ ਹੈ ਅਤੇ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ। ਜ਼ਿਆਦਾ ਮਿੱਠਾ ਖਾਣ ਨਾਲ ਜਿਗਰ ਅਤੇ ਕਿਡਨੀ 'ਤੇ ਵੀ ਅਸਰ ਪੈ ਜਾਂਦਾ ਹੈ ਅਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣਾ ਪੈ ਸਕਦਾ ਹੈ। ਜ਼ਿਆਦਾ ਮਿੱਠਾ ਖਾਣ ਨਾਲ ਉਮਰ ਤੋਂ ਪਹਿਲਾਂ ਬੁਢਾਪੇ ਦੇ ਸੰਕੇਤ ਵੀ ਚਿਹਰੇ ਤੋਂ ਮਿਲਣ ਲੱਗਦੇ ਹਨ ਜਿਸ ਨਾਲ ਬੰਦਾ ਛੇਤੀ ਹੀ ਬੁੱਢਾ ਜਾਪਦਾ ਹੈ।
ਮਿੱਠੇ ਨਾਲ ਕੈਂਸਰ ਹੁੰਦਾ ਹੈ !:ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਮਿੱਠਾ ਕੈਂਸਰ ਦੇ ਕਾਰਨਾਂ ਵਿਚੋਂ ਇਕ ਹੈ। ਪਰ, ਪੂਰੀ ਤਰ੍ਹਾਂ ਇਹ ਕਹਿਣਾ ਸਹੀ ਨਹੀਂ ਕਿ ਮਿੱਠਾ ਖਾਣ ਨਾਲ ਹੀ ਕੈਂਸਰ ਹੁੰਦਾ ਹੈ। ਖੋਜਾਂ ਵਿਚ ਪਾਇਆ ਗਿਆ ਹੈ ਕਿ ਜ਼ਿਆਦਾ ਮਿੱਠਾ ਖਾਣਾ ਸਰੀਰ ਕੈਂਸਰ ਦੇ ਸੈਲ ਬਣਾ ਸਕਦਾ ਹੈ ਜਿਗਰ ਦਾ ਕੈਂਸਰ ਅਤੇ ਅੰਤੜੀਆਂ ਦਾ ਕੈਂਸਰ ਵੀ ਮਿੱਠੇ ਨਾਲ ਹੋ ਸਕਦਾ ਹੈ। ਇਥੋਂ ਤੱਕ ਕਿ ਛਾਤੀ ਦਾ ਕੈਂਸਰ ਦਾ ਖਤਰਾ ਵੀ ਜ਼ਿਆਦਾ ਸ਼ੂਗਰ ਦੀ ਵਰਤੋਂ ਨਾਲ ਬਣਿਆ ਰਹਿੰਦਾ ਹੈ।
ਸ਼ੂਗਰ ਦੀ ਕਿੰਨੀ ਮਾਤਰਾ ਲੈਣੀ ਚਾਹੀਦੀ ਹੈ ?:ਮੁਹਾਲੀ ਏਮਜ਼ ਵਿੱਚ ਇਨਟਰਨਲ ਮੈਡੀਸਨ ਵਿਭਾਗ ਦੇ ਅਸਿਸਟੈਂਟ ਪ੍ਰੋਸੈਫਰ ਡਾ. ਆਸ਼ੀਸ਼ ਜਿੰਦਲ ਦਾ ਕਹਿਣਾ ਹੈ ਕਿ ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ਦੇ ਅਨੁਸਾਰ ਇਕ ਦਿਨ ਵਿਚ ਸਿਰਫ਼ 10 ਫ਼ੀਸਦੀ ਚੀਨੀ ਜਾਂ ਸ਼ੂਗਰ ਦਾ ਸੇਵਨ ਕਰਨਾ ਚਾਹੀਦਾ ਹੈ। ਜਿਸ ਦਾ ਸੌਖੇ ਸ਼ਬਦਾਂ ਵਿਚ ਹਿਸਾਬ ਲਗਾਉਣਾ ਹੋਵੇ ਤਾਂ 12 ਚਮਚ ਇਕ ਦਿਨ ਦੇ ਹਨ। ਜਦਕਿ 6 ਚਮਚ ਇਕ ਦਿਨ ਵਿਚ ਚੀਨੀ ਦੀ ਮਾਤਰਾ ਦੇ ਕਾਫ਼ੀ ਹੁੰਦੇ ਹਨ। ਇਸ ਤੋਂ ਜ਼ਿਆਦਾ ਸ਼ੂਗਰ ਦੀ ਮਾਤਰਾ ਨਹੀਂ ਲੈਣੀ ਚਾਹੀਦੀ। 2 ਸਾਲ ਜਾਂ ਉਸ ਤੋਂ ਘੱਟ ਦੇ ਬੱਚਿਆਂ ਨੂੰ ਬਾਹਰੀ ਚੀਨੀ ਕਦੇ ਵੀ ਮਿਕਸ ਕਰਕੇ ਨਹੀਂ ਦੇਣੀ ਚਾਹੀਦੀ।