ਭਗੌੜੇ ਅੰਮ੍ਰਿਤਪਾਲ ਦੀ ਇੱਕ ਹੋਰ ਵੀਡੀਓ, ਕਿਹਾ ਅੱਜ ਦੀ ਤਰੀਕ ਤੱਕ ਹਾਂ ਆਜ਼ਾਦ, ਗ੍ਰਿਫ਼ਤਾਰੀ ਲਈ ਨਹੀਂ ਰੱਖੀ ਕੋਈ ਸ਼ਰਤ ਚੰਡੀਗੜ੍ਹ: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਤੇ ਅੱਜ-ਕੱਲ੍ਹ ਭਗੋੜੇ ਚੱਲ ਰਹੇ ਅੰਮ੍ਰਿਤਪਾਲ ਸਿੰਘ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਹੈ। ਵੀਡੀਓ ਵਿੱਚ ਅੰਮ੍ਰਿਤਪਾਲ ਨੇ ਸਪੱਸ਼ਟ ਕੀਤਾ ਹੈ ਕਿ ਬੀਤੇ ਦਿਨ ਉਸ ਵੱਲੋਂ ਸੰਗਤ ਦੇ ਮੁਖਾਤਿਬ ਹੋਣ ਲਈ ਜੋ ਵੀਡੀਓ ਬਣਾਈ ਗਈ ਸੀ ਉਸ ਨੂੰ ਕੁੱਝ ਲੋਕ ਪੁਲਿਸ ਦੀ ਕਸਟਡੀ ਨਾਲ ਜੋੜ ਕੇ ਪੇਸ਼ ਕਰ ਰਹੇ ਨੇ ਅਤੇ ਸ਼ੰਕੇ ਪੈਦਾ ਕੀਤੇ ਜਾ ਰਹੇ ਨੇ। ਅੰਮ੍ਰਿਤਪਾਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਆਜ਼ਾਦ ਹੈ ਅਤੇ ਚੜ੍ਹਦੀਕਲਾ ਵਿੱਚ ਹੈ।
ਗ੍ਰਿਫ਼ਤਾਰੀ ਲਈ ਨਹੀਂ ਰੱਖੀ ਕੋਈ ਸ਼ਰਤ: ਅੰਮ੍ਰਿਤਪਾਲ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਇਹ ਵੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਕਿ ਗ੍ਰਿਫ਼ਤਾਰੀ ਲਈ ਉਸ ਨੇ ਸ਼ਰਤਾਂ ਰੱਖੀਆਂ ਨੇ ਅਤੇ ਉਹ ਪੁਲਿਸ ਦੀ ਕੁੱਟ ਤੋਂ ਡਰਦਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਉਹ ਨਾਂ ਮਰਨ ਤੋੇਂ ਡਰਦਾ ਹੈ ਅਤੇ ਨਾ ਹੀ ਪੁਲਿਸ ਦੇ ਤਸ਼ੱਦਦ ਤੋਂ । ਉਸ ਨੇ ਕਿਹਾ ਕਿ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਕੋਈ ਵੀ ਤਸ਼ੱਦਦ ਕਰੇ ਉਸ ਨੂੰ ਕੋਈ ਖੌਫ਼ ਨਹੀਂ ਹੈ। ਨਾਲ ਹੀ ਉਸ ਨੇ ਕਿਹਾ ਕਿ ਕੁੱਝ ਲੋਕਾਂ ਵੱਲੋਂ ਉਸ ਖ਼ਿਲਾਫ਼ ਗ੍ਰਿਫ਼ਤਾਰੀ ਦੀਆਂ ਸ਼ਰਤਾਂ ਸਬੰਧੀ ਝੂਠ ਪ੍ਰਚਾਰ ਕੀਤਾ ਜਾ ਰਿਹਾ ਜਿਸ ਤੋਂ ਸੰਗਤ ਨੂੰ ਪਰਹੇਜ਼ ਕਰਨ ਦੀ ਜ਼ਰੂਰਤ ਹੈ।
ਜਥੇਦਾਰ ਨੂੰ ਅਪੀਲ:ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖ਼ਾਲਸਾ ਵਹੀਰ ਦੇ ਖ਼ਿਲਾਫ਼ ਨਹੀਂ ਨੇ ਅਤੇ ਜਥੇਦਾਰ ਸਾਹਿਬ ਜੀ ਸਦਕੇ ਖ਼ਾਲਸਾ ਵਹੀਰ ਕੱਢਣ। ਅੰਮ੍ਰਿਤਪਾਲ ਨੇ ਕਿਹਾ ਖਾਲਸਾ ਵਹੀਰ ਕੱਢ ਕੇ ਅਤੇ ਘਰ-ਘਰ ਸਿੱਖੀ ਦਾ ਪ੍ਰਚਾਰ ਕਰਕੇ ਕੋਈ ਫਰਕ ਨਹੀਂ ਪੈਣ ਵਾਲਾ ਅਤੇ ਜੇਕਰ ਸਰਕਾਰ ਨਾਲ ਮੱਥਾ ਲਾਉਣਾ ਹੈ ਤਾਂ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਖ਼ਾਲਸਾ ਬੁਲਾਉਣਾ ਲਾਜ਼ਮੀ ਹੈ। ਅੰਮ੍ਰਿਤਪਾਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਵਹੀਰਾਂ ਘੱਤ ਕੇ ਵਿਸਾਖੀ ਮੌਕੇ ਕੌਮ ਨਾਲ ਖੜ੍ਹਨ ਲਈ ਤਖ਼ਤ ਸ੍ਰੀ ਦਮਦਮਾ ਵਿਖੇ ਸਰਬੱਤ ਖ਼ਾਲਸਾ ਨੂੰ ਸਫ਼ਲ ਬਣਾਉਣ। ਅੰਮ੍ਰਿਤਪਾਲ ਨੇ ਪੰਜਾਬ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਹੁਣ ਉਹ ਆਪਸੀ ਛੋਟੀਆਂ ਲੜਾਈਆਂ ਛੱਡ ਕੇ ਹਕੂਮਤ ਦੇ ਤਸ਼ੱਦਦ ਖ਼ਿਲਾਫ਼ ਇੱਕਜੁੱਟ ਹੋਣਣ ਕਿਉਂਕਿ ਜੇਕਰ ਅੱਜ ਪੰਜਾਬ ਦੇ ਨੌਜਵਾਨਾਂ ਉੱਤੇ ਕੁੱਝ ਕੀਤੇ ਬਗੈਰ ਗੰਭੀਰ ਕਾਨੂੰਨੀ ਧਾਰਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਭਲਕੇ ਇਹ ਕਾਰਵਾਈ ਆਮ ਸਿੱਖਾਂ ਦੇ ਬੱਚਿਆਂ ਉੱਤੇ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਨੇ ਵਾਰ-ਵਾਰ ਵੀਡੀਓ ਵਿੱਚ ਦੋਹਰਾਇਆ ਕਿ ਉਹ ਆਜ਼ਾਦ ਹੈ ਅਤੇ ਹੁਣ ਤੱਕ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।
ਇਹ ਵੀ ਪੜ੍ਹੋ:Amritpal Singh Audio Viral: ਵੀਡੀਓ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਦੀ ਆਡੀਓ ਹੋ ਰਹੀ ਵਾਇਰਲ, ਪੜ੍ਹੋ ਹੁਣ ਸਿੱਖ ਸੰਗਤ ਨੂੰ ਦਿੱਤਾ ਕਿਹੜਾ ਸੰਦੇਸ਼