ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 'ਮੁਲਕ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਔਰਤਾਂ ਦੇ ਸਿਰੜੀ ਜਜ਼ਬੇ' ਨੂੰ ਸਲਾਮ ਕੀਤਾ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰਾਂ, ਕੰਮਕਾਜ ਵਾਲੀਆਂ ਥਾਵਾਂ ਅਤੇ ਸਮਾਜ ਵਿੱਚ ਹਰੇਕ ਪੱਧਰ ਉਤੇ ਮਹਿਲਾ ਅਤੇ ਲੜਕੀਆਂ ਦੇ ਸਸ਼ਕਤੀਕਰਨ ਪ੍ਰਤੀ ਆਪਣੀ ਸਰਕਾਰ ਦੀ ਮਜ਼ਬੂਤ ਅਤੇ ਨਿਰੰਤਰ ਵਚਨਬੱਧਤਾ ਕਾਇਮ ਰੱਖਣ ਦਾ ਐਲਾਨ ਕੀਤਾ ਹੈ। ਇਸ ਦੁਨੀਆ ਨੂੰ ਰਹਿਣਯੋਗ ਬਿਹਤਰ ਥਾਂ ਬਣਾਉਣ ਵਿੱਚ ਔਰਤਾਂ ਦੇ ਅਥਾਹ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸਦਨ ਇਹ ਸੰਕਲਪ ਕਰਦਾ ਹੈ,''ਔਰਤਾਂ ਨੂੰ ਬਰਾਬਰੀ, ਨਿਆਂ ਅਤੇ ਆਜ਼ਾਦੀ ਦਾ ਮਾਹੌਲ ਪ੍ਰਦਾਨ ਕਰਨ ਲਈ ਸਮਰਪਣ ਨਾਲ ਕੰਮ ਕਰੇਗਾ ਤਾਂ ਜੋ ਪੰਜਾਬ ਤੇ ਦੇਸ਼ ਦੀ ਤਰੱਕੀ ਵਿੱਚ ਔਰਤਾਂ ਬਰਾਬਰ ਦੀਆਂ ਭਾਈਵਾਲ ਬਣ ਕੇ ਯੋਗਦਾਨ ਪਾ ਸਕਣ।''
ਸੂਬਾ ਸਰਕਾਰ ਵੱਲੋਂ ਸ਼ਹਿਰੀ ਸਥਾਨਕ ਇਕਾਈਆਂ ਅਤੇ ਪੰਚਾਇਤਾਂ ਰਾਜ ਸੰਸਥਾਵਾਂ ਵਿੱਚ ਔਰਤਾਂ ਨੂੰ 50 ਫੀਸਦੀ ਅਤੇ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਮੁਹੱਈਆ ਕਰਵਾਉਣ ਬਾਰੇ ਕੀਤੇ ਗਏ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਸਦਨ ਨੇ ਇਸ ਪੱਖ ਨੂੰ ਵਿਚਾਰਿਆ ਕਿ ਇਸ ਨਾਲ ਫੈਸਲੇ ਲੈਣ ਦੀ ਸਮਰੱਥਾ ਵਿੱਚ ਔਰਤਾਂ ਦੀ ਬਿਹਤਰ ਨੁਮਾਇੰਦਗੀ ਸਣੇ ਭਵਿੱਖ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਹਿਫ਼ਾਜ਼ਤ ਯਕੀਨੀ ਬਣਾਈ ਜਾ ਸਕੇਗੀ। ਇਸ ਤੋਂ ਪਹਿਲਾਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਦਨ ਵਿੱਚ ਮਤਾ ਪੇਸ਼ ਕਰਦਿਆਂ ਮੱਖ ਮੰਤਰੀ ਨੇ ਕਿਹਾ ਕਿ ਇਹ ਦਿਨ ਸਾਨੂੰ ਇਹ ਸੋਚ-ਵਿਚਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਕਿ ਸੂਬੇ ਵਿੱਚ ਹਰੇਕ ਔਰਤ ਨੂੰ ਬਰਬਾਰੀ ਅਤੇ ਸਵੈ-ਮਾਣ ਵਾਲਾ ਜੀਵਨ ਮੁਹੱਈਆ ਕਰਵਾਉਣ ਲਈ ਅਸੀਂ ਹੁਣ ਤੱਕ ਕਿੱਥੇ ਪਹੁੰਚੇ ਹਾਂ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਮੁੜ ਸਮਰਪਿਤ ਹੋਈਏ।