ਚੰਡੀਗੜ੍ਹ :ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਭਰੋਸਾ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਹੁਣ ਇਸ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਫ਼ੈਸਲਾ ਲੈਣਗੇ। ਵਿਧਾਇਕ ਵੱਲੋਂ ਇਸ ਅਸਤੀਫੇ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਗਿਆ। ਜਾਣਕਾਰੀ ਮੁਤਾਬਕ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਭਰੋਸਾ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ ਤੇ ਅੱਜ ਉਨ੍ਹਾਂ ਵੱਲੋਂ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਇਸ ਕਮੇਟੀ ਦਾ ਕੰਮ ਸਰਕਾਰ ਵਲੋਂ ਵਿਧਾਨ ਸਭਾ ਸਦਨ ਵਿਚ ਦਿੱਤੇ ਜਾਣ ਵਾਲੇ ਵੱਖ-ਵੱਖ ਮੁੱਦਿਆਂ ਸਬੰਧੀ ਭਰੋਸਿਆਂ ਦੀ ਨਿਗਰਾਨੀ ਕਰਨਾ ਅਤੇ ਉਨ੍ਹਾਂ ਦੇ ਪੂਰਾ ਹੋਣ ਸਬੰਧੀ ਪਤਾ ਲਗਾਉਣ ਨਾਲ ਸਬੰਧਿਤ ਹੈ। ਕਮੇਟੀ ਵਲੋਂ ਸਬੰਧਿਤ ਵਿਭਾਗਾਂ ਨੂੰ ਸਦਨ ਵਿਚ ਦਿੱਤੇ ਗਏ ਭਰੋਸਿਆਂ ਬਾਰੇ ਸੂਚਨਾ ਭੇਜੀ ਜਾਂਦੀ ਹੈ ਅਤੇ ਸਬੰਧਿਤ ਵਿਭਾਗਾਂ ਨੂੰ ਤਿੰਨ ਮਹੀਨੇ ਦੇ ਅੰਦਰ ਕਮੇਟੀ ਨੂੰ ਆਪਣਾ ਜਵਾਬ ਭੇਜਣਾ ਹੁੰਦਾ ਹੈ। ਇਸ ਵਿਚ ਉਕਤ ਭਰੋਸੇ ਦੇ ਲਾਗੂ ਕੀਤੇ ਜਾਣ ਸਬੰਧੀ ਸਥਿਤੀ ਦਾ ਜ਼ਿਕਰ ਕੀਤਾ ਜਾਂਦਾ ਹੈ। ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਸਬੰਧ ਵਿਚ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਤੋਂ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵਲੋਂ ਕੁੱਝ ਵੀ ਜਵਾਬ ਨਹੀਂ ਦਿੱਤਾ ਗਿਆ।