ਚੰਡੀਗੜ੍ਹ: ਅੰਮ੍ਰਿਤਪਾਲ ਨਾਲ ਪਰਛਾਵੇਂ ਵਾਂਗ ਰਹਿਣ ਵਾਲਾ ਪਪਲਪ੍ਰੀਤ ਬੀਤੇ ਦਿਨ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕਰਕੇ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਭੇਜਿਆ ਗਿਆ। 18 ਮਾਰਚ ਤੋਂ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨੂੰ ਲੱਭਣ ਲਈ ਮੁਹਿੰਮ ਚਲਾਈ ਜਾ ਰਹੀ ਸੀ। ਜਿਸ ਦੌਰਾਨ ਅੰਮ੍ਰਿਤਪਾਲ ਦੇ ਕਈ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਹੁਣ ਤੱਕ ਨੈਸ਼ਨਲ ਸੁਰੱਖਿਆ ਐਕਟ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ। ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਵੀ ਇਸੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।
7 ਲੋਕਾਂ 'ਤੇ ਲੱਗਿਆ ਨੈਸ਼ਨਲ ਸਿਕਿਓਰਿਟੀ ਐਕਟ: ਪੰਜਾਬ ਪੁਲਿਸ ਦੇ ਆਈ ਜੀ ਸੁਖਚੈਨ ਗਿੱਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲੱਗਭੱਗ 300 ਗ੍ਰਿਫ਼ਤਾਰੀਆਂ ਅੰਮ੍ਰਿਤਪਾਲ ਦੇ ਕੇਸ ਵਿੱਚ ਕੀਤੀਆਂ ਗਈਆਂ ਸਨ। ਜਿਹਨਾਂ ਵਿੱਚੋਂ ਸਿਰਫ਼ 30 ਦੀ ਗ੍ਰਿਫ਼ਤਾਰੀ ਨੂੰ ਜਾਰੀ ਰੱਖਿਆ ਗਿਆ ਹੈ ਅਤੇ ਬਾਕੀਆਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ। ਅੰਮ੍ਰਿਤਪਾਲ ਸਮੇਤ 7 ਲੋਕ ਅਜਿਹੇ ਹਨ ਜਿਹਨਾਂ ਉੱਤੇ ਐਨਐ੍ਸੱਏ ਯਾਨਿ ਕਿ ਨੈਸ਼ਨਲ ਸਿਕਿਓਰਿਟੀ ਐਕਟ ਲਗਾਇਆ ਗਿਆ। ਉਨ੍ਹਾਂ ਵਿਚ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ, ਦਲਜੀਤ ਕਲਸੀ, ਬਸੰਤ ਸਿੰਘ, ਭਗਵੰਤ ਸਿੰਘ ਬਾਜੇਕੇ, ਪਪਲਪ੍ਰੀਤ ਅਤੇ ਅੰਮ੍ਰਿਤਪਾਲ ਸ਼ਾਮਿਲ ਹਨ। ਹਾਲਾਂਕਿ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਅਜੇ ਤੱਕ ਨਹੀਂ ਹੋਈ।