ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਵੀਡੀਓ ਸੰਦੇਸ਼ ਤੋਂ ਬਾਅਦ ਹੁਣ ਉਸਦਾ ਆਡੀਓ ਸੰਦੇਸ਼ ਵਾਇਰਲ ਹੋ ਰਿਹਾ ਹੈ। ਕਥਿਤ ਆਵਾਜ਼ ਅੰਮ੍ਰਿਤਪਾਲ ਸਿੰਘ ਦੀ ਦੱਸੀ ਜਾ ਰਹੀ ਹੈ। ਇਹ ਸੰਦੇਸ਼ ਇਕ ਤਰ੍ਹਾਂ ਦਾ ਸਪਸ਼ਟੀਰਨ ਲੱਗ ਰਿਹਾ ਹੈ। ਇਸ ਵਿੱਚ ਉਨ੍ਹਾਂ ਵਲੋਂ ਸਿੱਖ ਸੰਗਤ ਨੂੰ ਕਈ ਗੱਲਾਂ ਕਹੀਆਂ ਗਈਆਂ ਹਨ। ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਹੋਰ ਸੰਸੇ ਪੈਦਾ ਹੋ ਰਹੇ ਹਨ।
ਕੀ ਹੈ ਆਡੀਓ ਸੰਦੇਸ਼ ਵਿੱਚ : ਸੋਸ਼ਲ ਮੀਡੀਆ ਉੱਤੇ ਜੋ ਅੰਮ੍ਰਿਤਪਾਲ ਸਿੰਘ ਦੀ ਕਥਿਤ ਆਵਾਜ਼ ਵਾਇਰਲ ਹੋ ਰਹੀ ਹੈ। ਉਸ ਵਿੱਚ ਉਹ ਕਹਿ ਰਿਹਾ ਹੈ ਕਿ ਵੀਡੀਓ ਸੰਦੇਸ਼ ਤੋਂ ਬਾਅਦ ਇਹ ਸੰਸੇ ਪੈਦਾ ਹੋ ਰਹੇ ਸਨ ਕਿ ਮੇਰੇ ਕੋਲੋਂ ਪੁਲਿਸ ਨੇ ਵੀਡੀਓ ਬਣਵਾਈ ਹੈ, ਜਦੋਂ ਕਿ ਅਜਿਹਾ ਨਹੀਂ ਹੈ। ਅੰਮ੍ਰਿਤਪਾਲ ਸਿੰਘ ਕਹਿ ਰਿਹਾ ਹੈ ਕਿ ਮੇਰੀ ਆਦਤ ਨਹੀਂ ਹੈ ਕਿ ਮੈਂ ਕੈਮਰੇ ਵੱਲ ਦੇਖ ਕੇ ਵੀਡੀਓ ਬਣਾ ਸਕਾਂ। ਪਰ ਇਹ ਜਰੂਰ ਹੈ ਕਿ ਤਬੀਅਤ ਥੋੜ੍ਹੀ ਜਰੂਰ ਕਮਜੋਰ ਹੋ ਗਈ ਹੈ। ਉਸਨੇ ਕਿਹਾ ਕਿ ਮੈਂ ਸਰਕਾਰ ਕੋਲੋਂ ਕੋਈ ਵੀ ਮੰਗ ਨਹੀ ਰੱਖੀ ਹੈ ਕਿ ਮੈਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੁੱਟਿਆ ਨਾ ਜਾਵੇ। ਇਹ ਕੁੱਝ ਲੋਕ ਬੇਸਿਰ ਪੈਰ ਦੀਆਂ ਗੱਲਾਂ ਕਰ ਰਹੇ ਹਨ।
ਦੁਚਿੱਤੀ 'ਚ ਨਾ ਆਵੇ ਸੰਗਤ :ਜੋ ਕਥਿਤ ਆਵਾਜ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਮੈਂ ਜਥੇਦਾਰ ਕੋਲੋਂ ਸਰਬੱਤ ਖਾਲਸਾ ਸੱਦਣ ਦੀ ਮੰਗ ਕੀਤੀ ਹੈ। ਮੈਂ ਜੇਲ੍ਹ ਜਾਣ ਤੋਂ ਨਹੀਂ ਘਬਰਾਉਂਦਾ। ਅੰਮ੍ਰਿਤਪਾਲ ਕਹਿ ਰਿਹਾ ਹੈ ਕਿ ਇਹੋ ਜਿਹੇ ਹਾਲਾਤਾਂ ਵਿੱਚ ਕਈ ਵਾਰ ਸਾਰੀਆਂ ਚੀਜਾਂ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਸੰਗਤ ਨੂੰ ਕਿਸੇ ਵੀ ਸਥਿਤੀ ਵਿੱਚ ਦੁਚਿੱਤੀ ਨਹੀਂ ਪੈਦਾ ਕਰਨੀ ਚਾਹੀਦੀ।