ਚੰਡੀਗੜ੍ਹ :ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਇਕ ਤਰ੍ਹਾਂ ਨਾਲ ਪੰਜਾਬ ਪੁਲਿਸ ਲਈ ਨੱਕ ਦਾ ਸਵਾਲ ਬਣੀ ਹੋਈ ਸੀ। ਹਾਲਾਂਕਿ ਅੰਮ੍ਰਿਤਪਾਲ ਸਿੰਘ ਅਜਨਾਲਾ ਵਿੱਚ ਲੰਘੇ ਮਹੀਨੇ ਪੁਲਿਸ ਅਤੇ ਉਸਦੇ ਸਮਰਥਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਗ੍ਰਿਫਤਾਰੀ ਲਈ ਲੰਬੀ ਜੱਦੋਜਹਿਦ ਬਣਿਆ ਹੋਇਆ ਸੀ। ਸੂਬਾ ਪੁਲਿਸ ਵਲੋਂ ਅੰਮ੍ਰਿਤਪਾਲ ਨੂੰ ਬੇਸ਼ੱਕ ਅਜਨਾਲਾ ਕਾਂਡ ਤੋਂ ਬਾਅਦ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਇਹ ਜਰੂਰ ਸੀ ਕਿ ਪੁਲਿਸ ਕਿਸੇ ਨਾ ਕਿਸੇ ਦਿਨ ਇਹ ਕਾਰਵਾਈ ਜਰੂਰ ਕਰੇਗੀ। ਕਿਉਂਕਿ ਪੁਲਿਸ ਵਲੋਂ ਅਜਨਾਲਾ ਵਿਖੇ ਥਾਣੇ ਦੀ ਘਟਨਾ ਤੋਂ ਬਾਅਦ ਮੌਕੇ ਉੱਤੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਸੀ ਅਤੇ ਇਸ ਕਰਕੇ ਪੁਲਿਸ ਦੀ ਕਿਰਕਿਰੀ ਵੀ ਹੋਈ ਸੀ।
ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਮੋਗਾ ਪੁਲਿਸ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਛੇ ਸਾਥੀਆਂ ਸਣੇ ਗ੍ਰਿਫਤਾਰ ਕੀਤਾ ਹੈ। ਇਹ ਵੀ ਜਿਕਰਯੋਗ ਹੈ ਅਜਨਾਲਾ ਥਾਣਾ ਵਿਖੇ ਕੀਤੇ ਗਏ ਹੰਗਾਮੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਮਾਮਲਾ ਵੀ ਦਰਜ ਹੋਇਆ ਸੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਨਫਰਤ ਭਰੇ ਭਾਸ਼ਣ ਦੇਣ ਸਣੇ ਹੋਰ ਤਿੰਨ ਮਾਮਲੇ ਦਰਜ ਕੀਤੇ ਹਨ। ਪੰਜਾਬ ਪੁਲਿਸ ਲਗਾਤਾਰ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਗਤੀਵਿਧੀਆਂ ਉੱਤੇ ਤਿੱਖੀ ਨਜਰ ਰੱਖ ਰਹੀ ਸੀ। ਇਹ ਗ੍ਰਿਫਤਾਰੀ ਵੀ ਉਸੇ ਕੜੀ ਦਾ ਹਿੱਸਾ ਹੈ।
ਅਜਨਾਲਾ ਕਾਂਡ ਤੋਂ ਬਾਅਦ ਰੜਕ ਰਿਹਾ ਸੀ ਅੰਮ੍ਰਿਤਪਾਲ :ਦਰਅਸਲ ਅੰਮ੍ਰਿਤਪਾਲ ਸਿੰਘ ਅਜਨਾਲਾ ਕਾਂਡ ਤੋਂ ਬਾਅਦ ਹੀ ਪੁਲਿਸ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ ਪਰ ਉਸਦੀ ਗ੍ਰਿਫਤਾਰੀ ਨਾਲ ਕਿਸੇ ਵੀ ਤਰ੍ਹਾਂ ਦਾ ਮਾਹੌਲ ਵਿਗੜਨ ਦੇ ਡਰੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਕਿਉਂ ਕਿ ਪੁਲਿਸ ਅਜਨਾਲਾ ਵਿਖੇ ਟ੍ਰੇਲਰ ਵੇਖ ਚੁੱਕੀ ਸੀ। ਇਹ ਵੀ ਯਾਦ ਰਹੇ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਆਪਣੇ ਸਾਥੀ ਲਵਪ੍ਰੀਤ ਸਿੰਘ ਨੂੰ ਸਿੱਖ ਸੰਗਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਨਾਲ ਗਏ ਅੰਮ੍ਰਿਤਪਾਲ ਸਿੰਘ ਦੀ ਪੁਲਿਸ ਨਾਲ ਤਿੱਖੀ ਝੜਪ ਹੋਈ ਸੀ। ਪੰਜਾਬ ਪੁਲਿਸ ਵਲੋਂ ਕਾਰਵਾਈ ਕੀਤੀ ਗਈ। ਹਾਲਾਂਕਿ ਪੁਲਿਸ ਵਲੋਂ ਲਾਠੀਚਾਰਜ ਨਾ ਕਰਨ ਦੇ ਹਵਾਲੇ ਵਿੱਚ ਇਹ ਕਿਹਾ ਗਿਆ ਕਿ ਸਾਹਮਣੇ ਪਾਲਕੀ ਸਾਹਿਬ ਹੋਣ ਅਤੇ ਬੇਅਦਬੀ ਦੇ ਡਰੋਂ ਕੋਈ ਸਖਤ ਐਕਸ਼ਨ ਨਹੀਂ ਲਿਆ ਗਿਆ। ਉਸ ਵੇਲੇ ਅੰਮ੍ਰਿਤਪਾਲ ਸਿੰਘ ਨੇ ਵੀ ਕਿਹਾ ਸੀ ਕਿ ਉਹ ਥਾਣੇ ਵਿੱਚ ਹੈ ਅਤੇ ਪੁਲਿਸ ਚਾਹੇ ਤਾਂ ਉਸਨੂੰ ਗ੍ਰਿਫਤਾਰ ਕਰ ਸਕਦੀ ਹੈ।