ਚੰਡੀਗੜ੍ਹ:ਪਿਛਲੇ ਲੰਮੇਂ ਸਮੇਂ ਤੋਂ ਆਪਣੇ ਤਿੱਖੇ ਬਿਆਨਾਂ ਅਤੇ ਹੁਣ ਅਜਨਾਲਾ ਵਿੱਚ ਪੁਲਿਸ ਥਣੇ ਉੱਤੇ ਕਬਜ਼ਾ ਕਰਕੇ ਸੁਰਖੀਆਂ ਵਟੋਰ ਰਹੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਹੁਣ ਮੁੜ ਤੋਂ ਭਾਰਤ ਖ਼ਿਲਾਫ਼ ਬਿਆਨ ਦਿੰਦਿਆਂ ਮਾਹੌਲ ਨੂੰ ਗਰਮਾ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਕਿਉਂਕਿ 1947 ਤੋਂ ਪਹਿਲਾਂ ਭਾਰਤ ਨਾਂਅ ਦੀ ਕੋਈ ਚੀਜ਼ ਨਹੀਂ ਸੀ ਅਤੇ ਜਦੋਂ ਦੇਸ਼ 1947 ਵਿੱਚ ਆਜ਼ਾਦ ਹੋਇਆ ਤਾਂ ਹਿੰਦੂਆਂ ਨੂੰ ਹਿੰਦੋਸਤਾਨ ਮਿਲਿਆ ਅਤੇ ਮੁਸਲਮਾਨਾਂ ਨੂੰ ਪਾਕਿਸਤਾਨ, ਪਰ ਇਸ ਵਿਚਾਲੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਪੰਜਾਬੀਆਂ ਨੂੰ ਕੁੱਝ ਵੀ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਲਗਾਤਾਰ ਹਿੰਦੂਵਾਦੀ ਸੋਚ ਵਿੱਚ ਰਲਾਉਣ ਦੀ ਕੋਸ਼ਿਸ਼ ਹੋ ਰਹੀ ਹੈ।
1984 ਦਾ ਕਤਲੇਆਮ:ਦੱਸ ਦਈਏ ਅੰਮ੍ਰਿਤਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਿੰਸਾ ਨੂੰ ਲੋਕ ਗਲਤ ਤਰਕੇ ਪੇਸ਼ ਕਰਕੇ ਬਦਨਾਮ ਕਰਦੇ ਨੇ। ਉਸ ਨੇ ਕਿਹਾ ਕਿ ਹਿੰਸਾ ਬਹੁਤ ਪਵਿੱਤਰ ਚੀਜ਼ ਹੈ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਲੋਕ ਜਦੋਂ ਲੜਦੇ ਜੂਝਦੇ ਹਨ ਤਾਂ ਮੌਕਾ ਪ੍ਰਸਤ ਲੋਕ ਉਸ ਨੂੰ ਹਿੰਸਾ ਦਾ ਨਾਂਅ ਦਿੰਦੇ ਹਨ। ਅੰਮ੍ਰਿਤਪਾਲ ਕਿਹਾ ਕਿਪੰਜਾਬ ਵਿੱਚ ਇੱਕ ਵੱਖਰੀ ਕਿਸਮ ਦੀ ਊਰਜਾ ਹੈ ਅਤੇ ਪੰਜਾਬ ਇੱਕ ਵੱਖਰਾ ਦੇਸ਼ ਹੈ, ਜਦੋਂ ਅੰਮ੍ਰਿਤਪਾਲ ਨੂੰ ਦੱਸਿਆ ਗਿਆ ਕਿ ਸਿੱਖਾਂ ਨੇ ਭਾਰਤ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਤਾਂ ਉਨ੍ਹਾਂ ਕਿਹਾ, ‘ਸਿੱਖਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ ਪਰ ਬਦਲੇ ਵਿੱਚ ਉਨ੍ਹਾਂ ਨੂੰ ਕੀ ਮਿਲਿਆ। 1984 ਦਾ ਕਤਲੇਆਮ, ਇੱਕ ਰਾਜ ਦੇ ਤਿੰਨ ਟੁਕੜੇ। ਅੰਮ੍ਰਿਤਪਾਲ ਨੇ ਕਿਹਾ ਕਿ 1984 ਵਿੱਚ ਸਿੱਖਾਂ ਨਾਲ ਹਰ ਤਰ੍ਹਾਂ ਦਾ ਜ਼ਬਰ ਹਿੰਦੋਸਤਾਨ ਨੇ ਕੀਤਾ। ਉਸ ਨੇ ਕਿਹਾ ਸਾਲ 1984 ਵਿੱਚ ਹੀ ਏਅਰ ਮਾਰਸ਼ਲ ਅਰਜੁਨ ਸਿੰਘ ਦੇ ਘਰ ਇੱਕ ਭੀੜ ਪਹੁੰਚੀ ਅਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਉਸ ਦੇ ਹੱਥੋਂ ਹਥਿਆਰ ਖੋਹ ਲਿਆ।