ਚੰਡੀਗੜ੍ਹ: ਪੰਜਾਬ ਰਾਜ ਯੋਜਨਾ ਬੋਰਡ ਨੇ ਉੱਘੇ ਉਦਯੋਗਪਤੀ ਅੰਮ੍ਰਿਤ ਸਾਗਰ ਮਿੱਤਲ ਨੂੰ ਉਪ-ਚੇਅਰਮੈਨ ਦੇ ਵਜੋਂ ਨਿਯੁਕਤ ਕੀਤਾ ਹੈ। ਮਿੱਤਲ ਦੀ ਨਿਯੁਕਤੀ ਨਾਲ ਬੋਰਡ ਵਿੱਚ ਹੁਣ ਕੁੱਲ ਉਪ-ਚੇਅਰਪਰਸਨ ਦੀ ਗਿਣਤੀ ਤਿੰਨ ਹੋ ਗਈ ਹੈ। ਇਸ ਗਿਣਤੀ ਵਿੱਚ ਉੱਘੇ ਉਦਯੋਗਪਤੀ ਰਜਿੰਦਰ ਗੁਪਤਾ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਉਪ-ਚੇਅਰਪਰਸਨ ਵਜੋਂ ਨਿਯੁਕਤ ਹਨ।
ਜਾਣਕਾਰੀ ਮੁਤਾਬਕ ਟ੍ਰਾਇਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੀ ਮਿਆਦ 27 ਮਾਰਚ, 2021 ਤੱਕ ਹੈ। ਜੱਦਕਿ ਰਜਿੰਦਰ ਕੌਰ ਭੱਠਲ ਦੀ ਮਿਆਦ 3 ਜੁਲਾਈ, 2021 ਤੱਕ ਦੀ ਹੈ। ਦੋਵੇਂ ਚੇਅਰਪਰਸਨ ਸੂਬਾਈ ਯੋਜਨਾ ਬੋਰਡ ਤੋਂ ਤਨਖਾਹ ਨਹੀਂ ਲੈ ਰਹੇ ਹਨ। ਅੰਮ੍ਰਿਤ ਸਾਗਰ ਮਿੱਤਲ ਦੀ ਨਿਯੁਕਤੀ ਸਬੰਧੀ ਸ਼ਰਤਾਂ ਨੂੰ ਛੇਤੀ ਹੀ ਅੰਤਮ ਰੂਪ ਦਿੱਤਾ ਜਾਵੇਗਾ। ਮਿੱਤਲ ਸੋਨਾਲੀਕਾ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਿਟਡ ਦੇ ਵੀ ਉਪ-ਚੇਅਰਮੈਨ ਹਨ।
ਸੂਬਾ ਯੋਜਨਾ ਬੋਰਡ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਉੱਘੇ ਵਿਅਕਤੀਆਂ ਨੂੰ ਸ਼ਾਮਲ ਕਰਕੇ ਸੂਬੇ ਦੀ ਵਿਕਾਸ ਪ੍ਰਕਿਰਿਆ ਲਈ ਰਣਨੀਤਕ ਨੀਤੀ ਲਈ ਗਿਆਨ ਮੁਹੱਈਆ ਕਰਾਉਣ ਤੋਂ ਇਲਾਵਾ ਸੂਬੇ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਲੰਮੀ ਮਿਆਦ 'ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।
ਗੌਰਤਲਬ ਹੈ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਯੋਜਨਾ ਵਿਭਾਗ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦਾ ਨਾਮਕਰਨ ਹੁਣ ਆਰਥਿਕ ਨੀਤੀ ਤੇ ਯੋਜਨਾਬੰਦੀ ਵਿਭਾਗ ਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਆਰਥਿਕ ਨੀਤੀ ਤੇ ਯੋਜਨਾਬੰਦੀ ਬੋਰਡ ਵਜੋਂ ਕੀਤਾ ਗਿਆ ਹੈ। ਇਸ ਦੇ ਨਤੀਜੇ ਵਜੋਂ ਯੋਜਨਾਬੰਦੀ ਬੋਰਡ ਦਾ ਖੇਤਰ ਵਿਸ਼ਾਲ ਹੋ ਗਿਆ ਹੈ ਤੇ ਇਹ ਹੁਣ ਨੀਤੀ ਅਤੇ ਆਰਥਿਕ ਵਿਕਾਸ 'ਤੇ ਧਿਆਨ ਕੇਂਦਰਿਤ ਕਰੇਗਾ। ਵਿਭਾਗ ਦੇ ਕੰਮ ਨੂੰ ਉਦਯੋਗ, ਅਕਾਦਮਿਕ, ਪਬਲਿਕ ਸਰਵਿਸ ਜਾਂ ਸੋਸ਼ਲ ਸੈਕਟਰ ਦੇ ਖੇਤਰਾਂ ਦੇ ਮਾਹਿਰ ਜੋ ਸਲਾਹਕਾਰਾਂ ਵਜੋਂ ਮਨੋਨੀਤ ਕੀਤੇ ਜਾਣਗੇ।