ਚੰਡੀਗੜ੍ਹ: ਪੰਜਾਬ ਦੀਆਂ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦਾ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਜਿਸ ਤੋਂ ਬਾਅਦ ਹੁਣ ਸਿਆਸਤ ਭੱਖਣ ਲੱਗ ਪਈ ਹੈ। ਲੋਕਾਂ ਨਾਲ ਵਾਅਦਾ ਕਰਕੇ ਭੁੱਲੀ ਕੈਪਟਨ ਸਰਕਾਰ ਹੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂਅ 'ਤੇ ਜ਼ਿਮਨੀ ਚੋਣਾਂ 'ਚ ਫਾਇਦਾ ਚੁੱਕਣ ਦੀ ਕੋਸ਼ਿਸ਼ ਵਿੱਚ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਇਹ ਨੇਕ ਕਾਰਜ਼ ਬਿਨਾਂ ਕਿਸੇ ਦੇਰੀ ਤੋਂ ਪੂਰਾ ਕਰਨ ਲਈ ਜ਼ੋਰ ਦਿੱਤਾ ਹੈ। ਉਨਾਂ ਕਿਹਾ ਕਿ ਇਹ ਕਦਮ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਣ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਵੀ ਹੋਵੇਗਾ।
ਭਗਤ ਸਿੰਘ ਦੇ ਨਾਂਅ 'ਤੇ ਪੰਜਾਬ ਸਰਕਾਰ ਨੇ ਲਾਇਆ ਸੱਟਾ
ਦਰਅਸਲ ਮੁੱਖ ਮੰਤਰੀ ਵੱਲੋਂ ਹਵਾਈ ਅੱਡੇ ਦਾ ਨਾਂ ਸ਼ਹੀਦ ਦੇ ਨਾਂਅ ’ਤੇ ਰੱਖਣ ਦਾ ਮੁੱਦਾ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਇਕ ਪਾਸੇ ਪੰਜਾਬ ਵਿੱਚ ਜ਼ਿਮਨੀ ਚੋਣਾਂ ਹੋਣ ਵਾਲੀਆਂ ਹਨ, ਉੱਥੇ ਦੂਜੇ ਪਾਸੇ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਹਾੜਾ ਵੀ ਆ ਰਿਹਾ ਹੈ। ਇਸ 'ਤੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਜ਼ਿਮਨੀ ਚੋਣਾਂ 'ਚ ਜਿੱਤ ਹਾਸਲ ਕਰਨ ਲਈ ਭਗਤ ਸਿੰਘ ਦੇ ਨਾਂਅ ਦਾ ਇਸਤੇਮਾਲ ਕਰ ਰਹੀ ਹੈ।
ਮਾਂ ਬੋਲੀ ਨੂੰ ਵੀਭੁੱਲੀਕੈਪਟਨ ਸਰਕਾਰ
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਲਗਾਏ ਗਏ ਵੱਡੇ-ਵੱਡੇ ਹੋਰਡਿੰਗ ਅਤੇ ਬੈਨਰ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਹੋਰਡਿੰਗਾਂ ਅਤੇ ਬੈਨਰਾ ਉੱਤੇ ਜੋ ਭਾਸ਼ਾ ਵਰਤੀ ਗਈ ਹੈ ਉਹ ਅੰਗਰੇਜ਼ੀ ਹੈ, ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਹੀ ਛੋਟੇ ਅੱਖਰਾਂ ਵਿੱਚ ਕੀਤੀ ਗਈ ਹੈ।
ਕੈਪਟਨ ਸਰਕਾਰ ਨੂੰ ਪੰਜਾਬ ਦੀ ਸੱਤਾ ਸਾਂਭੇ ਹੋਏ ਢਾਈ ਸਾਲ ਬੀਤ ਗਏ ਹਨ ਪਰ ਚੋਣਾਂ ਤੋਂ ਪਹਿਲਾਂ ਆਪਣੇ ਘੋਸ਼ਣਾ ਪੱਤਰ 'ਚ ਕੀਤੇ ਵਾਅਦਿਆਂ ਨੂੰ ਸਰਕਾਰ ਹੁਣ ਤੱਕ ਪੂਰਾ ਨਹੀਂ ਕਰ ਪਾਈ ਹੈ। ਸੂਬੇ 'ਚ ਨਸ਼ਾ ਧੜਲੇ ਨਾਲ ਬਿਕ ਰਿਹਾ ਹੈ, ਕਿਸਾਨ ਕਰਜੇ ਕਾਰਨ ਫ਼ਾਹਾ ਲੈ ਰਹੇ ਨੇ, ਘਰ-ਘਰ ਰੁਜ਼ਗਾਰ, ਸਮਾਰਟਫੋਨ ਨੋਜ਼ਵਾਨਾਂ ਨੂੰ ਹੁਣ ਤੱਕ ਨਹੀਂ ਮਿਲੇ, ਮਾੜੀ ਕਾਰਗੁਜ਼ਾਰੀ ਕਾਰਨ ਮੁਲਾਜ਼ਮ ਆਏ ਦਿਨ ਸਰਕਾਰ ਖ਼ਿਲਾਫ ਧਰਨਾ ਲਾ ਰਹੇ ਨੇ, ਉਤੋਂ ਸੂਬੇ 'ਤੇ ਹਜ਼ਾਰਾਂ ਕਰੋੜਾ ਦਾ ਕਰਜਾ ਹੈ, ਪਰ ਕੈਪਟਨ ਸਰਕਾਰ ਨੂੰ ਕੋਈ ਫ਼ਰਕ ਨਹੀਂ।