ਬਠਿੰਡਾ:ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬੀਤੇ ਦਿਨੀਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਤਹਿਤ ਬਠਿੰਡਾ ਵਿਖੇ ਇੱਕ ਵਿਅਕਤੀ ਰੇਸ਼ਮ ਗਰਗ ਵਾਸੀ ਸਮਾਣਾ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ, ਜੋ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦਾ ਨੇੜਲਾ ਸਾਥੀ ਦੱਸਦਾ ਸੀ।
ਵਿਜੀਲੈਂਸ ਨੇ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਦੀ ਸ਼ਿਕਾਇਤ ਉਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਸੀ। ਸਰਪੰਚ ਦਾ ਇਲਜ਼ਾਮ ਸੀ ਕਿ ਬੀਡੀਪੀਓ ਤੋਂ ਗ੍ਰਾਂਟ ਰਿਲੀਜ਼ ਕਰਾਉਣ ਬਦਲੇ ਉਕਤ ਮੁਲਜ਼ਮ ਉਨ੍ਹਾਂ ਕੋਲੋ 5 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਗ੍ਰਾਮ ਪੰਚਾਇਤ ਘੁੱਦਾ ਨੇ ਵਿੱਤ ਕਮਿਸ਼ਨ ਤਹਿਤ ਬਲਾਕ ਸੰਮਤੀ ਰਾਹੀਂ ਪ੍ਰਾਪਤ 25 ਲੱਖ ਦੀ ਗ੍ਰਾਂਟ ਬੀਡੀਪੀਓ ਤੋਂ ਜਾਰੀ ਕਰਵਾਉਣੀ ਸੀ। ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਨੇ ਦੱਸਿਆ ਸੀ ਕਿ ਉਕਤ ਮੁਲਜ਼ਮ ਉਨ੍ਹਾਂ ਕੋਲੋਂ ਪਹਿਲੀ ਕਿਸ਼ਤ 50,000 ਰੁਪਏ ਲੈ ਚੁੱਕਾ ਸੀ। ਬਾਕੀ ਰਹਿੰਦੀ ਕਿਸ਼ਤ ਲਈ ਵਾਰ-ਵਾਰ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ। ਇਸ ਤੋਂ ਬਾਅਦ ਵਿਜੀਲੈਂਸ ਨੇ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਤੇ ਪਤੀ ਪ੍ਰਿਤਪਾਲ ਕੁਮਾਰ ਦੀ ਸ਼ਿਕਾਇਤ ਤੋਂ ਬਾਅਦ ਆਪਣੀ ਪੜਤਾਲ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਉਕਤ ਮੁਲਜ਼ਮ ਨੂੰ ਸਰਪੰਚ ਕੋਲੋਂ ਦੂਜੀ ਕਿਸ਼ਤ ਦੀ ਰਾਸ਼ੀ 4 ਲੱਖ ਰੁਪਏ ਹਾਸਲ ਕਰਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੀ ਕੀਤਾ।
ਇਹ ਵੀ ਪੜ੍ਹੋ :Coronavirus Update : ਪਿਛਲੇ 24 ਘੰਟਿਆਂ 'ਚ ਭਾਰਤ ਵਿੱਚ ਕੋਰੋਨਾ ਦੇ 126 ਨਵੇਂ ਮਾਮਲੇ, 1 ਮੌਤ, ਪੰਜਾਬ 'ਚ ਕੋਰੋਨਾ ਦੇ 6 ਨਵੇਂ ਮਾਮਲੇ ਦਰਜ
ਰੇਸ਼ਮ ਗਰਗ ਦਾ ਪੱਖ :ਵਿਜੀਲੈਂਸ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਵੱਲੋਂ ਆਪਣਾ ਪੱਖ ਰੱਖਦਿਆਂ ਮੀਡੀਆ ਨੂੰ ਕਿਹਾ ਗਿਆ ਹੈ ਕਿ ਸੀਮਾ ਕੁਮਾਰੀ ਤੇ ਪ੍ਰਿਤਪਾਲ ਕੁਮਾਰ ਨੇ ਪਲਾਂਟ ਲਾਇਆ ਹੈ ਤੇ ਇਨਵੈਸਟਮੈਂਟ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਮੇਰੇ ਕੋਲੋਂ ਵਿਆਜ਼ ਉਤੇ 10 ਲੱਖ ਰੁਪਏ ਲਏ ਸਨ ਤੇ ਉਸ ਦਿਨ ਚਾਰ ਲੱਖ ਰੁਪਏ ਮੇਰੇ ਹੀ ਮੈਨੂੰ ਵਾਪਿਸ ਕਰਨ ਆਏ ਸਨ। ਉਕਤ ਵਿਅਕਤੀ ਦਾ ਕਹਿਣਾ ਹੈ ਕਿ ਉਹ ਏਅਰਟੈੱਲ ਤੋਂ ਸੇਵਾ ਮੁਕਤ ਹੋਇਆ ਹੈ ਤੇ ਉਨ੍ਹਾਂ ਦਾ ਸਮਾਣਾ ਵਿਖੇ ਇਕ ਸਕੂਲ ਵੀ ਹੈ। ਹਾਲਾਂਕਿ ਇਹ ਸਭ ਜਾਂਚ ਦਾ ਵਿਸ਼ਾ ਹੈ।
ਸਿਆਸੀ ਰੰਗ ਫੜਦਾ ਜਾ ਰਿਹੈ ਮਾਮਲਾ :ਰਿਸ਼ਵਤ ਲੈਂਦਿਆਂ ਫੜੇ ਗਏ ਉਕਤ ਵਿਅਕਤੀ ਵੱਲੋਂ ਆਪਣਾ ਆਪ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਨਜ਼ਦੀਕੀ ਦੱਸਣ ਮਗਰੋਂ ਹੁਣ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਹਨ ਕਿ ਮਾਮਲੇ ਦੀ ਬਾਰਿਕੀ ਨਾਲ ਜਾਂਚ ਕਰ ਕੇ ਉਕਤ ਵਿਧਾਇਕ ਅਨਮੋਲ ਰਤਨ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ।
ਉਧਰ, ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕਿ 'ਆਪ' ਦੇ ਖੂਨ 'ਚ ਭ੍ਰਿਸ਼ਟਾਚਾਰ ਹੈ। 'ਆਪ' ਵਿਧਾਇਕ ਦੇ ਪੀਏ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਕਾਬੂ ਕੀਤਾ ਹੈ। ਕੀ, ਵਿਧਾਇਕ ਦੀ ਜਾਣਕਾਰੀ ਤੋਂ ਬਿਨਾਂ PA ਲਈ ਰਿਸ਼ਵਤ ਲੈਣਾ ਵੀ ਸੰਭਵ ਹੈ? ਹੁਣ ਸਮਾਂ ਆ ਗਿਆ ਹੈ ਕਿ ਵਿਧਾਇਕ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ।