ਚੰਡੀਗੜ੍ਹ: ਸੈਕਟਰ 36 ਵਿੱਚ ਕਲਾ ਨਾਲ ਲਬਰੇਜ਼ ਇਕ ਅਜਿਹਾ ਗਾਰਡਨ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਵੇਸਟ ਮਟੀਰੀਅਲ ਤੋਂ ਇਹ ਗਾਰਡਨ ਤਿਆਰ ਕੀਤਾ ਗਿਆ ਜਿਸ ਉੱਤੇ ਪਿਛਲੇ 25 ਸਾਲਾਂ ਤੋਂ ਕੰਮ ਕੀਤਾ ਜਾ ਰਿਹਾ ਹੈ। ਇਸ ਗਾਰਡਨ ਨੂੰ ਬਣਾਉਣ ਲਈ ਅਜਿਹਾ ਵੇਸਟ ਮਟੀਰੀਅਲ ਵਰਤੋਂ ਵਿੱਚ ਲਿਆਂਦਾ ਗਿਆ ਜੋ ਵਾਤਾਰਵਰਣ ਲਈ ਨੁਕਸਾਨਦੇਹ ਹੁੰਦਾ ਹੈ ਅਤੇ ਅਸਾਨੀ ਨਾਲ ਅਜਿਹੇੇ ਵੇਸਟ ਮਟੀਰੀਅਲ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਗਾਰਡਨ ਵਿਜੇਪਾਲ ਗੋਇਲ ਵੱਲੋਂ ਤਿਆਰ ਕੀਤਾ ਗਿਆ ਹੈ ਜਿਹਨਾ ਨੇ ਇਕੱਲਿਆਂ ਹੀ ਇਸ ਗਾਰਡਨ ਵਿਚ ਵੇਸਟ ਮਟੀਰੀਅਲ ਨਾਲ ਕਮਾਲ ਦੀ ਕਲਾਕਾਰੀ ਕੀਤੀ।
ਪਰਿਵਾਰ ਦਿੱਲੀ ਰਹਿੰਦਾ ਹੈ ਪਰ ਕਲਾ ਦਾ ਮੋਹ ਚੰਡੀਗੜ੍ਹ ਖਿੱਚ ਲਿਆਉਂਦਾ ਹੈ:ਕਲਾ ਸਾਗਰ ਸੈਨੇਟਰੀ ਗਾਰਡਨ ਬਣਾਉਣ ਵਾਲੇ ਵਿਜੇਪਾਲ ਗੋਇਲ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ, ਪਰ ਕਲਾ ਦਾ ਮੋਹ ਉਹਨਾਂ ਨੂੰ ਚੰਡੀਗੜ੍ਹ ਖਿੱਚ ਲਿਆਉਂਦਾ ਹੈ। ਉਹ ਕੁਝ ਦਿਨ ਦਿੱਲੀ ਅਤੇ ਕੁਝ ਦਿਨ ਚੰਡੀਗੜ੍ਹ ਵਿਚ ਬਿਤਾਉਂਦੇ ਹਨ। ਇੱਥੇ ਰਹਿ ਕੇ ਉਹ ਆਪਣੇ ਬਾਕੀ ਮਾਡਲ ਤਿਆਰ ਕਰਦੇ ਹਨ। ਇਹ ਗਾਰਡਨ ਨੂੰ ਬਣਾਉਣ ਲਈ ਸੈਨਟਰੀ ਨਾਲ ਸਬੰਧਿਤ ਵੇਸਟ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ। ਇਸ ਗਾਰਡਨ ਨੂੰ ਤਿਆਰ ਕਰਨ ਲਈ ਵਾਸ਼ ਬੇਸਿਨ, ਟੋਆਲਿਟ ਸੀਟ, ਪਾਣੀ ਵਾਲੇ ਪਾਈਪ, ਪਾਣੀ ਵਾਲੀ ਟੈਂਕੀ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਹੈ। ਇਹ ਅਜਿਹਾ ਮਟੀਰੀਅਲ ਹੈ ਜਿਸਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ ਹੈ ਅਤੇ ਜਦੋਂ ਇਸਨੂੰ ਡਿਸਪੋਜ਼ ਕੀਤਾ ਜਾਂਦਾ ਹੈ ਤਾਂ ਹਵਾ ਅਤੇ ਮਿੱਟੀ ਨੂੰ ਜ਼ਹਿਰੀਲਾ ਬਣਾ ਦਿੰਦਾ ਹੈ। ਅਜਿਹੇ ਮਟੀਰੀਅਲ ਨੂੰ ਖਿੱਚ ਦਾ ਕੇਂਦਰ ਬਣਾਉਣ ਲਈ ਕਰਾਗਿਰੀ ਕੀਤੀ ਗਈ ਅਤੇ ਵੱਖ- ਵੱਖ ਮਾਡਲ ਬਣਾਏ ਗਏ। ਖਾਸ ਤੌਰ ਉੱਤੇ ਅਜਿਹਾ ਮਟੀਰੀਅਲ ਵਰਤਿਆ ਜਾਂਦਾ ਹੈ ਜੋ ਲੋਡਿੰਗ ਦੌਰਾਨ ਕਰੈਕ ਜਾਂ ਖਰਾਬ ਹੋਇਆ ਹੋਵੇ।
ਵਿਜੇਪਾਲ ਗੋਇਲ 'ਚ ਲੋਕਾਂ ਨਾਲੋਂ ਵੱਖਰਾ ਕਰਨ ਦੀ ਇੱਛਾ: ਇਸ ਗਾਰਡਨ ਦਾ ਨਿਰਮਾਣ ਕਰਨ ਵਾਲੇ ਵਿਜੇਪਾਲ ਗੋਇਲ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਸ਼ੁਰੂ ਤੋਂ ਹੀ ਉਹਨਾਂ ਦੇ ਮਨ ਵਿੱਚ ਇੱਛਾ ਸੀ ਕਿ ਉਹ ਲੋਕਾਂ ਤੋਂ ਵੱਖਰਾ ਕਰਨ। ਸੈਨੇਟਰੀ ਕਾਂਟ੍ਰੈਕਟਰ ਵਜੋਂ ਸੇਵਾਵਾਂ ਨਿਭਾਉਂਦਿਆਂ ਉਹਨਾਂ ਅੰਦਰ ਵੱਖ- ਵੱਖ ਮਾਡਲ ਬਣਾਉਣ ਦੀ ਚਾਹਤ ਜਾਗੀ ਅਤੇ ਸੈਨੇਟਰੀ ਵੇਸਟ ਮਟੀਰੀਅਲ ਤੋਂ ਹੀ ਮਾਡਲ ਬਣਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਹੁਣ ਤੱਕ ਮਟਕਾ ਚੌਂਕ, ਜਹਾਜ਼, ਤੋਪਾਂ, ਰੇਲ ਗੱਡੀ, ਪੁਰਾਣੇ ਟੈਲੀਫੋਨ ਕਈ ਮਾਡਲ ਤਿਆਰ ਕੀਤੇ ਹਨ। ਕਈ ਆਕ੍ਰਿਤੀਆਂ ਬਹੁਤ ਸਮਾਂ ਲੈਂਦੀਆਂ ਹਨ ਅਤੇ ਕਈ 10 ਮਿੰਟ ਵਿਚ ਤਿਆਰ ਹੋ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਇਸ ਲਈ ਜ਼ਮੀਨ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸੀ।