ਚੰਡੀਗੜ੍ਹ: ਪਾਕਿਸਤਾਨ 'ਚ ਘੱਟ ਗਿਣਤੀਆਂ ਵਿੱਚ ਰਹਿੰਦੇ ਲੋਕਾਂ 'ਤੇ ਹੋ ਰਿਹਾ ਤਸ਼ੱਦਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਪਿਛਲੇ ਦਿਨੀਂ ਇੱਕ ਸਿੱਖ ਆਗੂ ਰਾਧੇਸ਼ ਸਿੰਘ ਟੋਨੀ ਨੇ ਪਰਿਵਾਰ ਸਮੇਤ ਪਾਕਿਸਤਾਨ ਨੂੰ ਛੱਡ ਦਿੱਤਾ ਸੀ। ਪਾਕਿ ਵਿੱਚ ਸਿੱਥਾਂ 'ਤੇ ਹੋ ਰਹੇ ਵਿਤਕਰੇ ਅਤੇ ਸਿੱਖ ਆਗੂ ਰਾਧੇਸ਼ ਸਿੰਘ ਟੋਨੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਹੈ।
ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਰਾਧੇਸ਼ ਸਿੰਘ ਟੋਨੀ ਆਪਣੇ ਆਪ ਨੂੰ ਪਾਕਿਸਤਾਨ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੇ ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਉਹ ਰਾਧੇਸ਼ ਟੋਨੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਇਸ ਮਹੀਨੇ ਪਾਕਿਸਤਾਨ ਵਿੱਚ ਕਾਫੀ ਸਿੱਖਾਂ ਦੇ ਨਾਲ ਵਿਤਕਰੇ ਦੇ ਮਾਮਲੇ ਸਾਹਮਣੇ ਆਏ ਹਨ। ਕੈਪਟਨ ਨੇ ਅਪੀਲ ਕੀਤੀ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਦੇ ਲਈ ਜਲਦੀ ਕਦਮ ਚੁੱਕਣ।
ਦੱਸ ਦਈਏ ਕਿ ਰਾਧੇਸ਼ ਸਿੰਘ ਨੂੰ ਪਾਕਿਸਤਾਨ ਦਾ ਸਭ ਤੋਂ ਮਜ਼ਬੂਤ ਸਿੱਖ ਆਗੂ ਮੰਨਿਆ ਜਾਂਦਾ ਹੈ, ਜਿਸ ਨੇ ਸਾਲ 2018 ਦੀਆਂ ਆਮ ਚੋਣਾਂ ਵਿੱਚ ਵੀ ਹਿੱਸਾ ਲਿਆ ਸੀ। ਉਹ ਪੇਸ਼ਾਵਰ ਵਿੱਚ ਖੜ੍ਹਾ ਸੀ ਜਿਸ ਤੋਂ ਬਾਅਦ ਧਮਕੀਆਂ ਮਿਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਅਜਿਹੀ ਸਥਿਤੀ ਵਿੱਚ ਉਸ ਨੇ ਪੇਸ਼ਾਵਰ ਛੱਡ ਦਿੱਤਾ, ਫਿਰ ਸ਼ਹਿਰ ਲਾਹੌਰ ਪਹੁੰਚਣ ਤੋਂ ਬਾਅਦ ਉਸ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ, ਪਰ ਕੋਈ ਸਹਿਯੋਗ ਨਾ ਮਿਲਣ ਤੋਂ ਬਾਅਦ, ਉਸ ਨੇ ਆਖਰਕਾਰ ਦੇਸ਼ ਛੱਡਣ ਦਾ ਫੈਸਲਾ ਕੀਤਾ। ਇੱਕ ਰਿਪੋਰਟ ਮੁਤਾਬਕ ਰਾਧੇਸ਼ ਇਸ ਸਮੇਂ ਇੱਕ ਅਣਜਾਣ ਜਗ੍ਹਾ ਵਿੱਚ ਰਹਿ ਰਿਹਾ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਤੇ ਭੀੜ ਨੇ ਹਮਲਾ ਕੀਤਾ ਸੀ। ਪੇਸ਼ਾਵਰ ਵਿੱਚ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਕਈ ਹਿੰਦੂ ਅਤੇ ਸਿੱਖ ਲੜਕੀਆਂ ਨੂੰ ਜ਼ਬਰਨ ਅਗਵਾ ਕਰ ਕੇ ਧਰਮ ਪਰਿਵਰਤਨ ਕੀਤਾ ਗਿਆ ਸੀ। ਪਾਕਿਸਤਾਨ ਵਿੱਚ ਸਿੱਖ ਭਾਈਚਾਰੇ 'ਤੇ ਹੁੰਦੇ ਅੱਤਿਆਚਾਰਾਂ ਦੇ ਮੁੱਦੇ 'ਤੇ ਗ੍ਰਹਿ ਮੰਤਰਾਲੇ ਨੇ 28 ਜਨਵਰੀ ਨੂੰ ਇੱਕ ਮੀਟਿੰਗ ਵੀ ਸੱਦੀ ਗਈ ਹੈ।