ਮਹਿੰਗੀ ਬਿਜਲੀ ਲਈ ਬਾਦਲ ਸਰਕਾਰ ਹਿੱਸੇਦਾਰ: ਅਮਨ ਅਰੋੜਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਮਹਿੰਗੀਆਂ ਬਿਜਲੀ ਦਰਾਂ ਤੋਂ ਰਾਹਤ ਦਿਵਾਉਣ ਦੀ ਮੰਗ ਚੁੱਕੀ ਹੈ। ਆਪ ਦੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਸ ਲੁੱਟ ‘ਚ ਬਿਜਲੀ ਕੰਪਨੀਆਂ ਨਾਲ ਬਾਦਲ ਹਿੱਸੇਦਾਰ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਸਮੇਂ ਤਿੰਨ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਬੇਹੱਦ ਲੰਮੇ ਇਕਰਾਰਨਾਮੇ ਛੇਤੀ ਰੱਦ ਹੋਣੇ ਚਾਹੀਦੇ ਹਨ। ਇਸ ਗੱਲ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿੱਚ ਕੀਤਾ ਹੈ।
ਅੱਜ ਇੱਥੇ ਪੰਜਾਬ ਵਿਧਾਨ ਸਭਾ ਵਿੱਚ ਮੀਡੀਆ ਨੂੰ ਹਰਪਾਲ ਸਿੰਘ ਚੀਮਾ ਦੀ ਅਗਵਾਈ ‘ਚ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਬਾਦਲਾਂ ਵੱਲੋਂ ਤਿੰਨ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਸੂਬੇ ਦੇ ਲੋਕਾਂ ਦੀਆਂ ਜੇਬਾਂ ‘ਤੇ 70 ਹਜ਼ਾਰ ਕਰੋੜ ਰੁਪਏ ਦਾ ਸਿੱਧਾ ਡਾਕਾ ਹੈ। ਇਹ ਕਾਰਨ ਹੈ ਕਿ ਪੰਜਾਬ ਅੱਜ ਦੇਸ਼ ਦੇ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਸੂਬਿਆਂ ‘ਚੋਂ ਇੱਕ ਹੈ ਜਦ ਕਿ ਪੰਜਾਬ ਖ਼ੁਦ ਵੀ ਬਿਜਲੀ ਪੈਦਾ ਕਰਦਾ ਹੈ।
ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਸਣੇ ਸਾਰੇ ਕਾਂਗਰਸੀ ਚੋਣਾਂ ਤੋਂ ਪਹਿਲਾਂ ਬਾਦਲਾਂ ਦੇ ਇਨ੍ਹਾਂ ਬਹੁ-ਅਰਬੀ ਬਿਜਲੀ ਇਕਰਾਰਨਾਮਿਆਂ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਕਰਨ ਦੇ ਦਾਅਵੇ ਕਰਦੇ ਸਨ ਪਰ 2 ਸਾਲ ਦੌਰਾਨ ਕੁੱਝ ਨਹੀਂ ਕੀਤਾ ਗਿਆ। ਅਮਨ ਅਰੋੜਾ ਨੇ ਜਾਖੜ ਨੂੰ ਚੁਣੌਤੀ ਦਿੱਤੀ ਕਿ ਉਹ ਸਪਸ਼ਟ ਕਰਨ ਕਿ ਨਿੱਜੀ ਬਿਜਲੀ ਕੰਪਨੀਆਂ ਕੋਲ ਨਜਾਇਜ਼ ਤੌਰ ‘ਤੇ ਜਾਂਦੇ 2800 ਕਰੋੜ ਸਾਲਾਨਾ ‘ਚੋਂ ਕਿੰਨਾ ਹਿੱਸਾ ਕੈਪਟਨ ਅਮਰਿੰਦਰ ਸਿੰਘ, ਤੁਹਾਡਾ ਆਪਣਾ (ਜਾਖੜ) ਅਤੇ ਕਾਂਗਰਸ ਹਾਈਕਮਾਨ ਨੂੰ ਜਾਂਦਾ ਹੈ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਲਿਤਾਂ-ਗ਼ਰੀਬਾਂ ਨੂੰ ਵੀ ਸਸਤੀ ਬਿਜਲੀ ਨਹੀਂ ਦੇ ਰਹੀ, ਜਿਸ ਦਾ ਕਾਰਨ ਆਪਣੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਨਿੱਜੀ ਥਰਮਲ ਪਲਾਟਾਂ ਨਾਲ ਮਹਿੰਗੇ ਇਕਰਾਰਨਾਮੇ ਹਨ। ਅਮਨ ਅਰੋੜਾ ਨੇ ਦੱਸਿਆ ਕਿ ਬੰਦ ਕੀਤੇ ਗਏ ਬਠਿੰਡਾ ਥਰਮਲ ਪਲਾਂਟ ‘ਤੇ ਤੁਰੰਤ ਪਹਿਲਾਂ ਨਵੀਨੀਕਰਨ ਦੇ ਨਾਂ ‘ਤੇ ਕਰੋੜਾਂ ਰੁਪਏ ਖ਼ਰਚੇ ਗਏ ਹਨ ਅਤੇ ਅਗਲੇ 12-13 ਸਾਲ ਬਠਿੰਡਾ ਥਰਮਲ ਪਲਾਂਟ ਨੇ 4.76 ਪੈਸੇ ਪ੍ਰਤੀ ਯੂਨਿਟ ਬਿਜਲੀ ਪੈਦਾ ਕਰਦੇ ਰਹਿਣਾ ਸੀ, ਜਦ ਕਿ ਪ੍ਰਾਈਵੇਟ ਜੀਬੀਕੇ ਥਰਮਲ ਪਲਾਂਟ ਨਾਲ ਬਾਦਲਾਂ ਨੇ 5.60 ਰੁਪਏ ਪ੍ਰਤੀ ਯੂਨਿਟ ਦਾ ਇਕਰਾਰਨਾਮਾ ਕੀਤਾ।
ਅਮਨ ਅਰੋੜਾ ਨੇ ਪ੍ਰਚੇਜ ਐਗਰੀਮੈਂਟਸ ਦੀਆਂ ਕਾਪੀਆਂ ਦਿਖਾਉਂਦੇ ਹੋਏ ਦੱਸਿਆ ਕਿ ਇਕਰਾਰਨਾਮੇ ਇੰਨੇ ਜ਼ਿਆਦਾ ਲੋਕ ਅਤੇ ਪੰਜਾਬ ਵਿਰੋਧੀ ਹਨ ਕਿ ਜੇਕਰ ਪੰਜਾਬ ਸਰਕਾਰ ਇੱਕ ਯੂਨਿਟ ਵੀ ਇਨ੍ਹਾਂ ਥਰਮਲ ਪਲਾਂਟਾਂ ਤੋਂ ਨਹੀਂ ਖ਼ਰੀਦੇਗੀ ਤਾਂ ਵੀ ਹਰ ਮਹੀਨੇ ਮੰਥਲੀ ਫਿਕਸ ਚਾਰਜਿਜ਼ ਦੇਣੇ ਪੈਣੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕੈਪਟਨ ਨੇ ਇਹ ਬਿਜਲੀ ਇਕਰਾਰਨਾਮੇ ਰੱਦ ਨਾ ਕੀਤੇ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਸਤਾਏ ਲੋਕਾਂ ਨੂੰ ਨਾਲ ਲੈ ਕੇ ਕਾਂਗਰਸ ਸਰਕਾਰ ਦੀ ਨੱਕ ‘ਚ ਦਮ ਕਰ ਦੇਣਗੇ।