ਚੰਡੀਗੜ੍ਹ: ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਅਕਤੂਬਰ ਮਹੀਨੇ ਵਿੱਚ ਕਰਵਾਉਣ ਦਾ ਸੁਝਾਅ ਦਿੱਤਾ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਨੇ ਸ਼ਹਿਰਾਂ ਦੇ ਵਿਕਾਸ ਲਈ 1 ਹਜ਼ਾਰ ਕਰੋੜ ਦਾ ਬਜਟ ਵੀ ਐਲਾਨਿਆ ਹੈ। ਇਸ ਬਾਰੇ ਆਪ ਆਗੂ ਅਮਨ ਅਰੋੜਾ ਨੇ ਕੈਪਟਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪੱਖੀ ਮਹੌਲ ਬਣਾਉਣ ਲਈ ਇਹ ਰਕਮ ਖਰਚ ਕਰਨ ਜਾ ਰਹੀ ਹੈ।
"ਕੈਪਟਨ ਨੇ ਕਾਂਗਰਸ ਦੀ ਸਾਖ ਬਣਾਓਣ ਲਈ ਸ਼ਹਿਰੀ ਵਿਕਾਸ ਲਈ ਐਲਾਨੇ 1 ਹਜ਼ਾਰ ਕਰੋੜ ਰੁਪਏ" ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਤੰਬਰ-ਅਕਤੂਬਰ ਦੇ ਮਹੀਨੇ ਕੋਰੋਨਾ ਮਾਮਲੇ ਪੂਰੇ ਸਿਖਰ 'ਤੇ ਹੋਣਗੇ ਪਰ ਇਸਦੇ ਬਾਵਜੂਦ ਕੈਪਟਨ 2022 ਦੀਆਂ ਚੋਣਾਂ ਆਪਣੇ ਹੱਕ 'ਚ ਕਰਨ ਲਈ ਲੋਕਾਂ ਨੂੰ ਕੋਰੋਨਾ ਵੱਲ ਧੱਕ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਾਰਟੀ ਮੈਮੋਂਰੈਂਡਮ ਦੇਣ ਲਈ ਜਾਂ ਧਰਨੇ ਲਈ ਇਕੱਠ ਕਰਦੀ ਹੈ ਤਾਂ ਉਨ੍ਹਾਂ 'ਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਹਨ।
ਅਮਨ ਅਰੋੜਾ ਨੇ ਕੈਪਟਨ ਸਰਕਾਰ ਵੱਲੋਂ ਇਸ ਸਾਲ ਦਾ 30-45 ਫੀਸਦੀ ਰੈਵੀਨਿਊ ਖਤਮ ਹੋਣ ਵਾਲੀ ਗੱਲ ਅਤੇ ਸੂਬੇ ਨੂੰ ਕੋਰੋਨਾ ਕਾਰਨ ਹੋਏ 26 ਹਜ਼ਾਰ ਕਰੋੜ ਦੇ ਘਾਟੇ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਕੈਪਟਨ ਵੱਲੋਂ ਲੋਕਾਂ 'ਚ ਆਪਣੀ ਸਾਖ ਬਚਾ ਕੇ ਰੱਖਣ ਦਾ ਤਰੀਕਾ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਤਰੱਕੀ ਉਹ ਹੁੰਦੀ ਹੈ ਜੋ ਕਿ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਅਖੀਰਲੇ ਦਿਨ ਤੱਕ ਕੀਤੀ ਜਾਵੇ।
ਅਮਨ ਅਰੋੜਾ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਚੋਣਾਂ ਵੇਲੇ ਪੰਜਾਬ ਦੀ ਕਿਹੜੀ ਜਾਇਦਾਦ ਗਿਰਵੀ ਰੱਖਕੇ ਸਰਕਾਰ ਕੋਲ ਪੈਸੇ ਆ ਜਾਂਦੇ ਹਨ। ਪਰ ਆਮ ਹਾਲਾਤਾਂ ਵੇਲੇ ਸਰਕਾਰ ਦੇ ਖਜ਼ਾਨੇ ਖਾਲੀ ਹੁੰਦੇ ਹਨ? ਉਨ੍ਹਾਂ ਮੁੱਖ ਮੰਤਰੀ ਨੂੰ 2017 'ਚ ਲੋਕਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਨਿਭਾਓਣ ਲਈ ਯਾਦ ਕਰਵਾਉਂਦਿਆਂ ਕਿਹਾ ਕਿ 2022 ਦੀ ਫਿਕਰ ਬਾਅਦ ਲਈ ਰੱਖੋ ਪਹਿਲਾਂ ਆਪਣੀ ਜ਼ਿੰਮੇਵਾਰੀ ਨਿਭਾਉ ਅਤੇ ਸੂਬੇ ਨੂੰ ਕੋਰੋਨਾ ਤੋਂ ਬਚਾਓ ਅਤੇ ਇਸਦੀ ਡੁੱਬਦੀ ਆਰਥਿਕਤਾ ਵੱਲ ਧਿਆਨ ਦਓ, ਫਿਰ ਸ਼ਾਇਦ ਕਾਂਗਰਸ ਪਾਰਟੀ ਦੇ ਥੋੜੇ ਬਹੁਤ ਸਾਹ 2022 'ਚ ਵੀ ਚੱਲਦੇ ਰਹਿ ਜਾਣਗੇ।