ਚੰਡੀਗੜ੍ਹ: ਪੰਜਾਬੀ ਗਾਇਕ ਐਲੀ ਮਾਂਗਟ ਨੂੰ ਕੁਝ ਦਿਨ ਪਹਿਲਾਂ ਮੁਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਐਲੀ ਮਾਂਗਟ ਨੇ ਪੰਜਾਬ ਪੁਲਿਸ ਉੱਤੇ ਦੋਸ਼ ਲਾਏ ਸੀ ਕਿ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਮਨੁਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਧਿਆਨ ਦਿੰਦੇ ਹੋਏ ਮੁਹਾਲੀ ਦੇ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।
ਐਸਐਸਪੀ ਮੁਹਾਲੀ ਨੂੰ ਵੀਰਵਾਰ ਸਵੇਰੇ 11 ਵਜੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਉਨ੍ਹਾਂ ਦੇ ਵੱਲੋਂ ਡੀਐੱਸਪੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਤੇ ਉਨ੍ਹਾਂ ਕਿਹਾ ਕੀ ਮੁਹਾਲੀ 'ਚ ਕਈ ਜਗ੍ਹਾ ਧਰਨੇ ਚੱਲ ਰਹੇ ਨੇ ਜਿਸ ਕਰਕੇ ਐੱਸਐੱਸਪੀ ਮੁਹਾਲੀ ਪ੍ਰਬੰਧ ਕਰਨ ਦੇ ਲਈ ਡਿਊਟੀ 'ਚ ਰੁਝੇ ਹਨ, ਅਤੇ ਇਸ ਮਾਮਲੇ ਦੇ ਵਿੱਚ ਥਾਣੇ ਦੇ ਐੱਸਐੱਚਓ ਵੀ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ।